ਅੱਖਾਂ 'ਚ ਅੱਥਰੂ ਦਿਲ 'ਚ ਹੌਕਿਆਂ ਦੀ ਪੰਡ ਲੈ ਖਾਲੀ ਹੱਥ ਵਿਦਾ ਹੋਇਆ ਕੌਮ ਦਾ ਨਿਰਮਾਤਾ
ਅਸ਼ੋਕ ਵਰਮਾ
ਬਠਿੰਡਾ, 4 ਜੂਨ 2023: ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਅਤੇ ਦਿਲ ਵਿੱਚ ਹਉਕੇ ਹਾਵੇ ਲੈ ਕੇ ਸਰਕਾਰੀ ਹਾਈ ਸਕੂਲ ਪਿੰਡ ਕਾਸਮਪੁਰ ਛੀਨਾ ਵਿਖੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਵਜੋਂ ਤਾਇਨਾਤ ਪਾਲ ਸਿੰਘ ਟਾਹਲੀਆਂ 58 ਸਾਲ ਦੀ ਸੇਵਾ ਸਮਾਪਤ ਹੋਣ ਤੇ ਖਾਲੀ ਹੱਥ ਘਰ ਪਰਤ ਗਿਆ ਹੈ। ਇਸ ਨੂੰ ਸਰਕਾਰਾਂ ਦੀ ਬਦਨੀਤੀ ਕਹੀਏ ਜਾਂ ਫਿਰ ਸਰਕਾਰੀ ਸਿਸਟਮ ਦਾ ਕਸੂਰ ਬੱਚਿਆਂ ਨੂੰ ਲਗਨ ਤੇ ਮਿਹਨਤ ਨਾਲ ਪੜ੍ਹਾਉਣ ਵਾਲੇ ਕੱਚੇ ਅਧਿਆਪਕ ਪਾਲ ਸਿੰਘ ਦੇ ਹੱਥ ਪੱਲੇ ਸਿਵਾਏ ਝੋਰਿਆਂ ਤੋਂ ਕੁੱਝ ਵੀ ਨਹੀਂ ਹੈ।ਪਾਲ ਸਿੰਘ ਜ਼ਿੰਦਗੀ ਦੀ ਹਰ ਮੁਸੀਬਤ ਨੂੰ ਹਮੇਸ਼ਾ ਮੋਹਰੇ ਹੋ ਕੇ ਟੱਕਰਿਆ ਪਰ ਸਰਕਾਰਾਂ ਨੀਤੀਆਂ ਹੱਥੋਂ ਹਾਰ ਗਿਆ।
ਅਜੋਕੇ ਦੌਰ ਦੌਰਾਨ ਜਦੋਂ ਸੇਵਾਮੁਕਤੀ ਤੇ ਲੋਕ ਭੰਗੜੇ ਪਾਉਂਦੇ ਅਤੇ ਵਧਾਈਆਂ ਦਿੰਦੇ ਹਨ ਤਾਂ ਪਾਲ ਸਿੰਘ ਦੀ ਸੇਵਾ ਮੁਕਤੀ ਮੌਕੇ ਉਹ ਤੇ ਉਸ ਦੀ ਪਤਨੀ ਨਿੰਮੋਝੂਣੇ ਅਤੇ ਮਾਯੂਸ ਬੈਠੇ ਹੋਏ ਸਨ । ਸਾਲ 2004 ਵਿੱਚ ਪਿੰਡ ਟਾਹਲੀਆਂ ਦਾ ਗੱਭਰੂ ਜਵਾਨ ਪਾਲ ਸਿੰਘ ਆਪਣੇ ਘਰ ਦੇ ਧੋਣੇ ਧੋਣ ਲਈ ਸਿਰਫ ਪੱਚੀ ਸੌ ਰੁਪਏ ਤੇ ਅਧਿਆਪਕ ਭਰਤੀ ਹੋਇਆ ਸੀ। ਸੇਵਾ-ਮੁਕਤ ਹੋਣ ਵੇਲੇ ਉਸਦੀ ਤਨਖਾਹ ਸਿਰਫ 9500 ਰੁਪਏ ਹੀ ਸੀ।ਅਧਿਆਪਕ ਦੇ ਤੌਰ ਤੇ ਆਪਣੇ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਇਆ ਤਨਖਾਹ ਘੱਟ ਹੋਣ ਦੇ ਬਾਵਜੂਦ ਉਸ ਨੇ ਸਿੱਖਿਆ ਪ੍ਰਤੀ ਆਪਣੇ ਹਰ ਫਰਜ਼ ਦੀ ਅਦਾਇਗੀ ਕੀਤੀ।
ਸੇਵਾ-ਮੁਕਤੀ ਬੋਲਣ ਲੱਗਿਆਂ ਪਾਲ ਸਿੰਘ ਦਾ ਗੱਚ ਭਰ ਆਇਆ। ਉਸਨੇ ਆਖਿਆ ਕਿ ਸਿਆਸੀ ਲੋਕਾਂ ਦੀਆਂ ਮੌਕਾਪ੍ਰਸਤ ਨੀਤੀਆਂ ਨੇ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਦਾ ਨੁਕਸਾਨ ਕੀਤਾ ਹੈ। ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਅਤੇ ਪਿਤਾ ਉਸ ਨੂੰ ਰੈਗੂਲਰ ਦੇਖਣ ਦੀ ਆਸ ਵਿੱਚ ਜਹਾਨੋਂ ਤੁਰ ਗਏ। ਉਸ ਦੀ ਪਤਨੀ ਨੂੰ ਵੀ ਉਮੀਦ ਸੀ ਕਿ ਇਹ ਸਰਕਾਰ ਪਾਲ ਸਿੰਘ ਨੂੰ ਪੱਕਾ ਕਰ ਦੇਵੇਗੀ ਅਤੇ ਘਰ ਦੇ ਦਿਨ ਫਿਰਨਗੇ। ਹੁਣ ਤੀਜੀ ਪੀੜ੍ਹੀ ਪਾਲ ਸਿੰਘ ਦੇ ਬੱਚੇ ਹਨ ਜਿਨ੍ਹਾਂ ਨੂੰ ਖੁਦ ਰੁਜ਼ਗਾਰ ਦੀ ਤਲਾਸ਼ ਹੈ।ਉਹ ਆਖਦਾ ਹੈ ਕਿ ਜੇਕਰ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਪ੍ਰਤੀ ਸੰਜੀਦਾ ਹੈ ਤਾਂ ਬਾਕੀ ਜਿੰਦਗੀ ਦੇ ਗੁਜਾਰੇ ਲਈ ਉਸ ਨੂੰ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਸਕੂਲ ਦੀ ਇੰਚਾਰਜ ਕਿਰਨਜੀਤ ਕੌਰ ਨੇ ਪਾਲ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਕਿਨੇ ਦੁੱਖ ਦੀ ਗੱਲ ਹੈ ਕਿ ਜਿਸ ਸਕੂਲ ਨੂੰ ਪਾਲ ਸਿੰਘ ਨੇ ਮੰਦਿਰ ਸਮਝਿਆ ਉਸੇ ਵਿਚੋਂ ਉਸ ਨੂੰ ਇਸ ਤਰ੍ਹਾਂ ਨਿਰਾਸ਼ ਹੋ ਕੇ ਜਾਣਾ ਪਿਆ ਹੈ।ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕੱਚੇ ਅਧਿਆਪਕਾਂ ਨੂੰ ਪੈਨਸ਼ਨ ਤਾਂ ਦੂਰ ਦੀ ਗੱਲ- ਆਰਥਿਕ ਸਹਾਇਤਾ ਵਜੋਂ ਕੋਈ ਗ੍ਰੈਚੂਟੀ ਵਗੈਰਾ ਵੀ ਨਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਆਸ ਹੈ ਕਿ ਉਹ ਪੱਕੇ ਕਰ ਦਿੱਤੇ ਜਾਣਗੇ ਪਰ ਅਜੇ ਤੱਕ ਉਨ੍ਹਾਂ ਵੱਲੋਂ ਬੱਚਿਆਂ ਤੋਂ ਦੀ ਵਾਰੇ ਆਪਣੇ ਸੁਨਹਿਰੇ ਸਮੇਂ ਦਾ ਕੌਡੀ ਮੁੱਲ ਵੀ ਨਹੀਂ ਪਿਆ ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੇਂਦਰੀ ਸਕੀਮਾਂ ਤਹਿਤ ਛੇ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਆਮ ਲੋਕਾਂ ਨੂੰ ਪੜ੍ਹਾਉਣਗੇ ਦੀ ਮਨਸ਼ਾ ਨਾਲ ਭਰਤੀ ਕੀਤਾ ਸੀ। ਜਦੋਂ ਕੋਈ ਚੋਣ ਆਉਂਦੀ ਤਾਂ ਸਿਆਸੀ ਲੋਕ ਇਨ੍ਹਾਂ ਨੂੰ ਚੰਗੀਆਂ ਤਨਖ਼ਾਹਾਂ ਦੇਣ ਅਤੇ ਰੈਗੂਲਰ ਕਰਨ ਦੇ ਵਾਅਦੇ ਨਾਲ ਵੋਟਾਂ ਲੈ ਲੈਂਦੇ ਸਨ ਪਰ ਇਹਨਾਂ ਨੂੰ ਸਰਕਾਰੀ ਸੇਵਾ ਵਿੱਚ ਪੱਕੇ ਕਰਨ ਲਈ ਕੋਈ ਪਹਿਲਕਦਮੀ ਨਹੀਂ ਕੀਤੀ। ਵੱਖ ਵੱਖ ਸਕੀਮਾਂ ਤਹਿਤ ਭਰਤੀ ਕੀਤੇ ਕੱਚੇ ਅਧਿਆਪਕਾਂ ਨੇ ਆਪਣੀਆਂ ਜਥੇਬੰਦੀਆਂ ਬਣਾ ਕੇ ਸਰਕਾਰਾਂ ਖ਼ਿਲਾਫ਼ ਲੜਾਈ ਲੜੀ ਜਿਸ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ।
ਹਰ ਸਿਆਸੀ ਪਾਰਟੀ ਕੱਚੇ ਅਧਿਆਪਕਾਂ ਦੇ ਮੁੱਦੇ ਤੇ ਉਨ੍ਹਾਂ ਤੋਂ ਵੋਟਾਂ ਬਟੋਰ ਲੈਂਦੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਭੁਲਾ ਦਿੱਤਾ ਜਾਂਦਾ । ਮੌਜੂਦਾ ਹਾਕਮ ਧਿਰ ਦੇ ਆਗੂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਸਰਕਾਰ ਆਉਣ ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਹੁਣ ਜਦੋ ਸਰਕਾਰ ਬਣ ਗਈ ਹੈ ਤਾਂ ਕਿ ਇੱਕ ਸਾਲ ਬਾਅਦ ਵੀ ਕੱਚੇ ਅਧਿਆਪਕਾਂ ਦੇ ਹੱਥ ਖਾਲੀ ਹਨ। ਹਾਲਾਂਕਿ ਮੁੱਖ ਮੰਤਰੀ ਆਖਦੇ ਹਨ ਕਿ ਕਾਨੂੰਨੀ ਅੜਚਨਾਂ ਦੂਰ ਕਰ ਕੇ ਕੱਚੇ ਅਧਿਆਪਕ ਰੈਗੂਲਰ ਕੀਤੇ ਜਾਣਗੇ ਪਰ ਜੋ ਪਾਲ ਸਿੰਘ ਵਰਗੇ ਸੇਵਾ ਮੁਕਤ ਹੋ ਜਾਣਗੇ ਉਨ੍ਹਾਂ ਲਈ ਤਾਂ ਇਹ ਕਹਾਣੀ ਸਦਾ ਲਈ ਖ਼ਤਮ ਹੋ ਗਈ ਹੈ।
ਕੱਚੇ ਅਧਿਆਪਕਾਂ ਦੀ ਇਹ ਵੀ ਹੋਣੀ
ਕੱਚੇ ਅਧਿਆਪਕਾਂ ਨੇ ਪੱਕੇ ਕਰਨ ਦੀ ਮੰਗ ਲਈ ਲੰਮਾ ਸੰਘਰਸ਼ ਚਲਾਇਆ। ਆਰਥਿਕ ਤੰਗੀ ਨਾ ਸਹਾਰਦੇ ਕੁੱਝ ਅਧਿਆਪਕ ਖੁਦਕਸ਼ੀ ਦੇ ਰਾਹ ਪੈ ਗਏ ਸਨ। ਅਧਿਆਪਕ ਦੀ ਸੰਘਰਸ਼ ਦੌਰਾਨ ਹੋਏ ਹਾਦਸੇ ਵਿੱਚ ਮੌਤ ਹੋ ਗਈ ਸੀ।ਇੱਕ ਨੇ ਖੁਦਕੁਸ਼ੀ ਦੇ ਇਰਾਦੇ ਨਾਲ ਅੱਗ ਲਾ ਲਈ ਅਤੇ ਇੱਕ ਨੇ ਨਸ ਕੱਟ ਲਈ ਜਦੋਂ ਕਿ ਇਕ ਹੋਰ ਕੋਈ ਜ਼ਹਿਰੀਲੀ ਚੀਜ਼ ਖਾ ਗਿਆ ਪਰ ਇਹ ਤਿੰਨੇ ਅਧਿਆਪਕ ਬਚਾ ਲਏ ਗਏ। ਕੱਚੇ ਅਧਿਆਪਕ ਆਖਦੇ ਹਨ ਕਿ ਹਕੂਮਤਾਂ ਦੇ ਵਤੀਰੇ ਦੀ ਅੱਗ ਸਾਹਮਣੇ ਹੋਰ ਸੇਕ ਤਾਂ ਕੋਈ ਮਾਇਨੇ ਨਹੀਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਨੀਅਤ ਦੇ ਖੋਟ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ।