← ਪਿਛੇ ਪਰਤੋ
ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਭਗਵੰਤ ਮਾਨ ਨੇ ਅਕਾਲੀਆਂ ਅਤੇ ਕਾਂਗਰਸੀਆਂ ’ਤੇ ਕੀਤਾ ਵੱਡਾ ਹਮਲਾ, ਪੜ੍ਹੋ ਵੇਰਵਾ ਚੰਡੀਗੜ੍ਹ, 5 ਜੂਨ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਮਾਮਲੇ ’ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੱਦੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਜਮ ਕੇ ਰਗੜੇ ਲਾਏ। ਉਹਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਲਿਖਿਆ ਪੱਤਰ ਮੀਡੀਆ ਵਿਚ ਵਿਖਾਇਆ ਜਿਸ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਲਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਅਗਸਤ 2022 ਵਿਚ ਹਰਿਆਣਾ ਦੀ ਮਹਿਲਾ ਕਾਂਗਰਸੀ ਵਿਧਾਇਕਾ ਹਰਿਆਣਾ ਵਿਧਾਨ ਸਭਾ ਵਿਚ ਮੰਗ ਕੀਤੀ ਸੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਵਿਚ ਹਰਿਆਣਾ ਨੂੰ ਹਿੱਸਾ ਦਿੱਤਾ ਜਾਵੇ। ਉਹਨਾਂ ਇਸ ਉਪਰੰਤ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਉੱਚੇਰੀ ਸਿੱਖਿਆ ਵੱਲੋਂ 28 ਮਈ ਨੂੰ ਹਰਿਆਣਾ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਲਿਖਿਆ ਪੱਤਰ ਵਿਖਾਇਆ ਜਿਸ ਵਿਚ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਆਪਣੇ ਤੌਰ ’ਤੇ ਫੰਡ ਜੁਟਾਉਣ ਹਰਿਆਣਾ ਸਰਕਾਰ ਕੋਲ ਫੰਡ ਨਹੀਂ ਹਨ। ਉਹਨਾਂ ਦੱਸਿਆਕਿ ਉਹਨਾਂ ਨੇ ਇਹ ਪੱਤਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਵਿਖਾਇਆ ਤੇ ਪੁੱਛਿਆਕਿ ਜਦੋਂ ਤੁਹਾਡੇ ਕੋਲ ਤੁਹਾਡੀਆਂ ਯੂਨੀਵਰਸਿਟੀਆਂ ਵਾਸਤੇ ਦੇਣ ਨੂੰ ਫੰਡ ਨਹੀਂ ਹਨ ਤਾਂ ਤੁਸੀਂ ਪੰਜਾਬ ਯੂਨੀਵਰਸਿਟੀ ਵਾਸਤੇ ਫੰਡ ਦੇਣ ਦੀ ਗੱਲ ਕਿਵੇਂ ਕਰਦੇ ਹੋ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਹਿਮਾਚਲ ਵੱਲੋਂ ਪੰਜਾਬ ਨੂੰ ਦਰਕਿਨਾਰ ਕਰ ਕੇ ਹਰਿਆਣਾ ਨੂੰ ਕਿਸੇ ਵੀ ਕੀਮਤ ’ਤੇ ਪਾਣੀ ਨਹੀਂ ਦੇਣ ਦੇਣਗੇ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ ਤੇ ਉਹ ਆਪ ਆਗੂਆਂ ਦੇ ਵਿਆਹਾਂ ’ਤੇ ਹੀ ਸਵਾਲ ਚੁੱਕੀ ਜਾਂਦੇ ਹਨ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਵੱਲ ਇਸ਼ਾਰਾ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਸਾਡਾ ਮੰਤਰੀ ਕੁਆਰਾ ਬੈਠਾ ਹੈ। ਉਹਨਾਂ ਕਿਹਾ ਕਿ ਜਦੋਂ ਲੋਕਾਂ ਨੇ ਨੌਜਵਾਨ ਮੁੰਡੇ ਜਿਤਾਏ ਹਨ ਤਾਂ ਵਿਆਹ ਤਾਂ ਕਰਵਾਉਣੇ ਹੀ ਹਨ।
Total Responses : 1175