ਨਸ਼ਿਆਂ ਖ਼ਿਲਾਫ਼ ਕਨਵੈਨਸ਼ਨ: ਡਾ. ਧਰਮਵੀਰ ਗਾਂਧੀ ਵੱਲੋਂ ਅਫ਼ੀਮ ਤੇ ਪੋਸਤ ਦੀ ਵਕਾਲਤ
ਅਸ਼ੋਕ ਵਰਮਾ
ਬਠਿੰਡਾ 05 ਜੂਨ 2023: ਪੰਜਾਬ ਦੀ ਨਕਸਲਬਾੜੀ ਲਹਿਰ ਦੌਰਾਨ ਸਰਗਰਮ ਰਹੇ ਕਾਮਰੇਡ ਹਾਕਮ ਸਿੰਘ ਸਮਾਓ ਦੀ ਚੌਵੀਂ ਬਰਸੀ ਤੇ ਸ਼ਹੀਦ ਬਲਵਿੰਦਰ ਸਿੰਘ ਸਮਾਓ ਤੇ ਮਨੋਜ ਕੁਮਾਰ ਭੀਖੀ ਦੀ ਯਾਦ ਮੌਕੇ
ਸਰਕਾਰੀ ਹਾਈ ਸਕੂਲ ਸਮਾਓ ਵਿਖੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਵਾਈ ਕਨਵੈਨਸ਼ਨ ਦੌਰਾਨ ਸਾਬਕਾ ਸੰਸਦ ਮੈਂਬਰ ਅਤੇ ਚਿੰਤਕ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਵਾਰ ਫਿਰ ਅਫੀਮ ਭੰਗ ਅਤੇ ਪੋਸਤ ਵਰਗੇ ਪੰਜਾਬ ਦੇ ਰਵਾਇਤੀ ਨਸ਼ਿਆਂ ਨੂ ਅਪਨਾਉਣ ਦੀ ਵਕਾਲਤ ਕੀਤੀ ਹੈ।
ਕਨਵੈਨਸ਼ਨ ਦੀ ਪ੍ਰਧਾਨਗੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੌਮੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ,ਸਾਬਕਾ ਪੰਚ ਭੂਰਾ ਸਿੰਘ ਸਮਾਓ, ਸਰਬਜੀਤ ਕੌਰ ਸਮਾਓਂ, ਕਾਮਰੇਡ ਹਾਕਮ ਸਿੰਘ ਸਮਾਓ ਦੀ ਬੇਟੀ ਦੀਪੀ ਸਮਾਓ,ਗੁਰਮੇਜ ਸਿੰਘ ਸਮਾਓ ਸਰਪੰਚ ਪਰਮਜੀਤ ਕੌਰ ਸਮਾਓਂ ਤੇ ਮੌਜੂਦਾ ਪੰਚਾਇਤ ਨੇ ਕੀਤੀ।
ਇਸ ਮੌਕੇ ਮੁੱਖ ਬੁਲਾਰੇ ਵਜੋਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਬਹੁਤੇ ਦੇਸ਼ਾਂ ਵਿਚ ਅਫੀਮ ਪੋਸਤ ਤੇ ਭੰਗ ਵਰਗੇ ਕੁਦਰਤੀ ਨਸ਼ੇ ਸੀਮਤ ਮਾਤਰਾ ਵਿਚ ਪੈਦਾ ਕਰਨ ਤੇ ਵਰਤਣ ਉਤੇ ਕੋਈ ਰੋਕ ਨਹੀਂ ਹੈ ਇਸ ਲਈ ਸਾਡੇ ਦੇਸ਼ ਨੂੰ ਵੀ ਅਪਣੀ ਪਹੁੰਚ ਤਬਦੀਲ ਕਰਨ ਦੀ ਅਣਸਰਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 1985 ਵਿੱਚ ਯੂ ਐਨ ਓ ਦੇ ਦਬਾਅ ਹੇਠ ਬਣਾਏ ਕਾਨੂੰਨ ਤਹਿਤ ਅਫੀਮ ਤੇ ਭੁੱਕੀ ਖਾਣ ਵਾਲਿਆਂ ਨੂੰ ਅਪਰਾਧੀ ਕਰਾਰ ਦੇ ਕੇ ਜੇਲ੍ਹਾ ਵਿੱਚ ਬੰਦ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਇਸੇ ਯੂ ਐਨ ਓ ਨੇ ਮੰਨਿਆਂ ਹੈ ਕਿ ਸੰਸਾਰ ਨਸ਼ਿਆਂ ਖਿਲਾਫ਼ ਆਪਣੀ ਜੰਗ ਹਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੁਰਤਗਾਲ ਸਮੇਤ ਦੁਨੀਆਂ ਦੇ 38 ਦੇਸ਼ਾਂ ਨੇ ਨਸ਼ਿਆਂ ਬਾਰੇ ਬਣਾਏ ਅਪਣੇ ਪੁਰਾਣੇ ਸਖਤ ਕਾਨੂੰਨ ਰੱਦ ਕਰ ਦਿੱਤੇ ਹਨ।ਮੁੱਢ ਕਦੀਮ ਤੋਂ ਨਸ਼ੇ ਸਮਾਜ ਵਿੱਚ ਮੌਜੂਦ ਰਹੇ ਹਨ, ਪਰ ਉਹ ਹੁਣ ਵਾਂਗ ਮੌਤ ਦਾ ਖੂਹ ਕਦੇ ਨਹੀਂ ਸੀ ਬਣੇ। ਉਨ੍ਹਾਂ ਕਿਹਾ ਕਿ ਐਨ ਡੀ ਪੀ ਐਸ ਐਕਟ ਲੋਕਾਂ ਨੂੰ ਲੁੱਟਣ ਹਥਿਆਰ ਹੈ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਡਾਕਟਰ ਗਾਂਧੀ ਨੇ ਇਸ ਕਨਵੈਨਸ਼ਨ ਦੌਰਾਨ ਨਸ਼ਾ ਕਰਨ ਵਾਲਿਆਂ ਦੇ ਇਲਾਜ ਸਮੇਤ ਵੱਖ-ਵੱਖ ਸੁਝਾਅ ਵੀ ਦਿੱਤੇ।
ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਆਖਿਆ ਕਿ ਸਰਕਾਰ ਤੇ ਪੁਲਿਸ ਨਸ਼ੇ ਦੇ ਕਾਲੇਬਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਬਜਾਏ ਉਨ੍ਹਾ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨ ਦੀ ਗਰੰਟੀ ਦੇ ਕੇ ਸੱਤਾ ਚ ਆਈ ਸਰਕਾਰ ਅੱਜ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਿਆਂ ਤੇ ਹੀ ਝੂਠੇ ਕੇਸ ਪਾ ਰਹੀ ਹੈ। ਉਨ੍ਹਾਂ ਕਿਹਾ ਕਾਮਰੇਡ ਹਾਕਮ ਸਿੰਘ ਸਮਾਓ ਦੀ ਅਜਿਹੇ ਨਿਕੰਮੇ ਸਿਸਟਮ ਨੂੰ ਤਬਾਹ ਕਰਨ ਲਈ ਲਈ ਯਤਨਸ਼ੀਲ ਰਹੇ ਹਨ। ਇਸ ਮੌਕੇ ਬਜ਼ੁਰਗ ਕਾਮਰੇਡ ਮੋਦਨ ਸਿੰਘ ਨੰਗਲ ਕਲਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੁੱਖ ਗੇਟ ਤੇ ਸਥਾਪਤ ਕੀਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਪਿੰਡ ਦੀ ਸਰਪੰਚ ਪਰਮਜੀਤ ਕੌਰ ਸਮਾਓ ਨੇ ਕੀਤਾ।ਕਨਵੈਨਸ਼ਨ ਨੂੰ ਐਮ ਐਲ ਏ ਬੁੱਧ ਰਾਮ ਬੁਢਲਾਡਾ, ਕਾਮਰੇਡ ਨਛੱਤਰ ਸਿੰਘ ਖੀਵਾ, ਲਿਬਰੇਸ਼ਨ ਦੇ ਸੂਬਾ ਆਗੂ ਸੁਖਦਰਸ਼ਨ ਨੱਤ, ਹਰਭਗਵਾਨ ਭੀਖੀ ਏਪਵਾ ਆਗੂ ਜਸਵੀਰ ਕੌਰ ਨੱਤ, ਮਜ਼ਦੂਰ ਮੁਕਤੀ ਮੋਰਚਾ ਦੇ ਵਿਜੇ ਕੁਮਾਰ, ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦ ਅਤੇ ਮਾਸਟਰ ਛੱਜੂ ਰਾਮ ਆਦਿ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਭੋਲਾ ਸਿੰਘ ਸਮਾਓ ਤੇ ਧੰਨਵਾਦ ਦੀਪੀ ਸਮਾਓ ਨੇ ਕੀਤਾ।