ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਅਸ਼ੋਕ ਵਰਮਾ
ਬਠਿੰਡਾ, 05 ਜੂਨ 2023: ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਆਖਰੀ ਸਾਲ ਦੇ ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ 08 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਆਟੋਮੋਬਾਈਲ ਖੇਤਰ ਦੀ ਨਾਮੀ ਕੰਪਨੀ ਕ੍ਰਿਸ਼ਨਾ ਮਰੂਤੀ ਪ੍ਰਾਈਵੇਟ ਲਿਮਟਿਡ, ਮਾਨੇਸਰ(ਹਰਿਆਣਾ) ਨੇ ਇਨ੍ਹਾਂ ਵਿਦਿਆਰਥੀਆਂ ਨੂੰ ਅਪਰੇਟਿੰਗ ਇੰਜੀਨੀਅਰ ਟਰੇਨੀ ਵਜੋਂ ਚੁਣਿਆ ਹੈ। ਕੰਪਨੀ ਵੱਲੋਂ ਟ੍ਰੇਨਿੰਗ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ 1.84 ਲੱਖ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ।
ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕੋਰਸ ਦੌਰਾਨ ਹੀ ਹੋ ਗਈ ਹੈ। ਕਾਲਜ ਵਿੱਚ ਇੱਕ ਪਲੇਸਮੈਂਟ ਸੈੱਲ ਦਾ ਗਠਨ ਕੀਤਾ ਹੋਇਆ ਹੈ ਜਿਸ ਵੱਲੋਂ ਨਾਮੀ ਕੰਪਨੀਆਂ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਅਤੇ ਕਾਲਜ ਪੱਧਰੀ ਸਲਾਨਾ ਪਲੇਸਮੈਂਟ ਮੇਲਾ ਵੀ ਕਰਵਾਇਆ ਜਾਂਦਾ ਹੈ।
ਪ੍ਰਿੰਸੀਪਲ ਵੱਲੋਂ ਅਫ਼ਸਰ ਇੰਚਾਰਜ ਰੁਪਿੰਦਰ ਸਿੰਘ ਚਹਿਲ ਅਤੇ ਉਨ੍ਹਾਂ ਦੇ ਵਿਭਾਗ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਵਿਦਿਆਰਥੀਆਂ ਦੇ ਨੌਕਰੀ ਲੱਗਣ ਤੇ ਵਧਾਈ ਦਿੱਤੀ। ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ ਟੀ.ਪੀ.ਓ. ਹਰਸ਼ਮਨੀ ਨੇ ਦੱਸਿਆ ਕਿ ਚੁਣੇ ਹੋਏ 8 ਵਿਦਿਆਰਥੀ ਆਪਣੇ ਆਖਰੀ ਸਮੈਸਟਰ ਦੇ ਇਮਤਿਹਾਨ ਖਤਮ ਹੋਣ ਉਪਰੰਤ ਨੌਕਰੀ ਜੁਆਇੰਨ ਕਰਨਗੇ।