ਕਿਸਾਨ ਮਜਦੂਰ ਕਮੇਟੀ ਅਤੇ ਬੀ.ਕੇ.ਯੂ.ਏਕਤਾ ਆਜ਼ਾਦ ਵੱਲੋਂ 8 ਨੂੰ ਬਿਜਲੀ ਵਿਭਾਗ ਦੇ ਦਫਤਰ ਅੱਗੇ ਲਗਾਇਆ ਜਾਵੇਗਾ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ 05 ਜੂਨ 2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਹਰਵਿੰਦਰ ਸਿੰਘ ਮੱਲ੍ਹੀ ਵੱਲੋਂ ਐੱਸ ਡੀ ਓ ਦੋਰਾਗਲਾ ਨੂੰ ਮੰਗ ਪੱਤਰ ਸੌਂਪਿਆ ਅਤੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਬਿਜਲੀ ਸੰਬੰਧੀ ਮੁਸ਼ਕਿਲਾਂ ਨੂੰ ਲੈ ਕੇ ਬਿਜਲੀ ਵਿਭਾਗ ਦੇ ਸੈਕੜੇ ਐੱਸ. ਡੀ. ਓ. ਦਫਤਰਾਂ ਅੱਗੇ ਇੱਕ ਦਿਨਾਂ ਰੋਸ ਮੁਜਾਹਰੇ ਕੀਤੇ ਜਾਣਗੇ |
ਓਹਨਾ ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਜਾਣਕਾਰੀ ਦਿੱਤੀ ਕਿ ਪੰਜਾਬ ਭਰ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪਿੱਛਲੇ ਕਈ ਮਹੀਨਿਆਂ ਤੋਂ ਮੋਦੀ ਸਰਕਾਰ ਦੀ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਦੇ ਮਨਸੂਬਿਆਂ ਦੀ ਪੂਰਤੀ ਵਿੱਚ ਹਿੱਸੇਦਾਰੀ ਪਾਉਣ ਦੀ ਕੋਸ਼ਿਸ਼ ਦੇ ਚੱਲਦੇ ਪ੍ਰੀਪੇਡ ਮੀਟਰ ਲਗਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ | ਓਹਨਾ ਕਿਹਾ ਕਿ ਇਹ ਪੂਰਨ ਨਿਜੀਕਰਨ ਵੱਲ ਵਧਣ ਦਾ ਇੱਕ ਕਦਮ ਹੈ, ਜਿਸ ਨਾਲ "ਨੋ ਪ੍ਰੋਫਿਟ ਨੋ ਲੌਸ" ਦੇ ਸਿਧਾਂਤ ਤੇ ਸ਼ੁਰੂ ਹੋਇਆ ਬਿਜਲੀ ਅਦਾਰਾ ਪੂਰੀ ਤਰ੍ਹਾਂ ਕਾਰਪੋਰੇਟ ਕੰਪਨੀਆਂ ਦੇ ਹੱਥ ਚਲਾ ਜਾਵੇਗਾ ਅਤੇ ਅੱਜ ਜਦੋ ਬਿਜਲੀ ਇੱਕ ਮੌਲਿਕ ਅਧਿਕਾਰ ਵਾਂਙ ਹੋ ਗਈ ਹੈ ਅਜਿਹੇ ਵਿੱਚ ਗਰੀਬ ਜਨਤਾ ਦੀ ਅੰਨ੍ਹੀ ਲੁੱਟ ਦਾ ਸਾਧਨ ਬਣ ਜਾਵੇਗਾ ਅਤੇ ਅੱਜ ਜਦੋ ਆਰਥਿਕ ਮੰਦਹਾਲੀ ਕਾਰਨ ਬਿਜਲੀ ਦਾ ਬਿੱਲ ਲੇਟ ਫੀਸ ਨਾਲ ਦੇ ਦੇਣ ਦੀ ਸੁਵਿਧਾ ਹੈ ਪਰੀਪੇਡ ਵਿੱਚ ਉਹ ਵੀ ਖਤਮ ਹੋ ਜਾਵੇਗੀ ਅਤੇ ਮਾਤੜ ਲੋਕ ਹਨੇਰੇ ਤੇ ਗਰਮੀ ਵਿਚ ਮਰਨ ਲਈ ਮਜਬੂਰ ਹੋਣਗੇ | ਸਰਕਾਰ ਨੇ 600 ਯੂਨਿਟ ਫ੍ਰੀ ਕਹਿ ਕੇ ਵੀ ਲੋਕਾਂ ਨਾਲ ਧੋਖਾ ਕੀਤਾ ਹੈ ਕਿਉਂਕਿ 601 ਯੂਨਿਟ ਦੀ ਖਪਤ ਤੇ ਪੂਰਾ ਬਿੱਲ ਲਿਆ ਜਾਂਦਾ ਹੈ | ਜਥੇਬੰਦੀ ਦਾ ਕਹਿਣਾ ਹੈ ਕਿ ਇਹ ਸ਼ਰਤ ਖਤਮ ਕਰਕੇ ਸਿਰਫ ਵੱਧ ਬਲੇ ਯੂਨਿਟਾਂ ਦਾ ਬਿੱਲ ਲਿਆ ਜਾਵੇ ਹਾਲਾਂਕਿ ਜਥੇਬੰਦੀ ਪੀ. ਪੀ. ਏ. ਰੱਦ ਕਰਕੇ ਮੁਫ਼ਤ ਦੀ ਜਗ੍ਹਾ 2 ਰੁਪਏ/ਯੂਨਿਟ ਬਿਜਲੀ ਦੇਣ ਦੀ ਹਾਂਮੀ ਹੈ ਜਿਸ ਨਾਲ ਸਰਕਾਰੀ ਖਜਾਨੇ ਤੇ ਵੀ ਵਾਧੂ ਬੋਝ ਨਹੀਂ ਪਵੇਗਾ ਤੇ ਬਿਜਲੀ ਵੀ ਸਸਤੀ ਮਿਲੇਗੀ | ਇਸ ਮੌਕੇ ਪ੍ਰੈੱਸ ਨੂੰ ਜਾਨਕਾਰੀ ਸਾਂਝੀ ਕਰਦੇ ਹੋਏ ਰਣਬੀਰ ਸਿੰਘ ਡੁਗਰੀ ਨੇ ਦੱਸਿਆ ਕਿ ਮੋਰਚੇ ਦੀ ਮੰਗ ਹੈ ਕਿ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਸੜੇ ਤੇ ਨਵੇਂ ਲੱਗਣ ਵਾਲੇ ਮੀਟਰ ਪਹਿਲੀ ਤਕਨੀਕ ਵਾਲੇ ਹੀ ਲਗਾਏ ਜਾਣ, ਬਿਜਲੀ ਸੋਧ ਬਿੱਲ ਦਾ ਸਟੈਂਡਿੰਗ ਕਮੇਟੀ ਕੋਲ ਪਿਆ ਖਰੜਾ ਮੁਢੋਂ ਰੱਦ ਕੀਤਾ ਜਾਵੇ, ਪਾਵਰਕੌਮ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀ ਭਰਤੀ ਕੀਤੀ ਜਾਵੇ,ਓਵਰਲੋਡ ਟਰਾਂਸਫਾਰਮਰ, ਗਰਿੱਡ, ਫੀਡਰ ਡੀਲੋਡ ਕੀਤੇ ਜਾਣ, ਵੀ.ਡੀ. ਐੱਸ. ਸਕੀਮ ਖੋਲ੍ਹ ਕੇ ਪ੍ਰਤੀ ਹਾਰਸਪਾਵਰ 200 ਰੁਪਏ ਦੇ ਹਿਸਾਬ ਨਾਲ ਲੋਡ ਵਧਾਉਣ ਦੀ ਖੁੱਲ ਦਿੱਤੀ ਜਾਵੇ, ਪਿੰਡਾਂ ਅਤੇ ਮੋਟਰਾਂ ਦੀ ਬਿਜਲੀ ਨਿਰਵਿਘਨ ਦਿੱਤੀ ਜਾਵੇ, ਖਰਾਬ ਤੇ ਖਸਤਾ ਹਾਲਤ ਤਾਰਾਂ ਅਤੇ ਜੀਓ ਸਵਿੱਚ ਤੁਰੰਤ ਬਦਲੇ ਜਾਣ |
ਇਸ ਮੌਕੇ ਹੋਰਨਾਂ ਤੋਂ ਇਲਾਵਾਂ ਨਰਿੰਦਰ ਸਿੰਘ ਆਲੀਨੰਗਲ, ਰਸ਼ਪਾਲ ਸਿੰਘ ਡੁਗਰੀ, ਕਰਨੈਲ ਸਿੰਘ ਆਂਦੀ, ਸੁੱਚਾ ਸਿੰਘ ਬਲੱਗਣ, ਹਰਵਿੰਦਰ ਸਿੰਘ ਮੱਲ੍ਹੀ, ਰਣਬੀਰ ਸਿੰਘ ਡੁਗਰੀ, ਕਰਨੈਲ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।