ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41 ਲੋੜਵੰਦਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ ਗਰਾਂਟ ਪ੍ਰਵਾਨਗੀ ਪੱਤਰ ਸੌਂਪੇ
ਦਲਜੀਤ ਕੌਰ
ਦਿੜ੍ਹਬਾ, 05 ਜੂਨ, 2023: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਦੇ 41 ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ ਕਰੀਬ 72 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਜਿਹੜੇ ਲੋਕ ਆਰਥਿਕ ਵਸੀਲਿਆਂ ਦੀ ਕਮੀ ਕਾਰਨ ਮਕਾਨ ਦੀ ਉਸਾਰੀ ਕਰਨ ਵਿਚ ਵੀ ਅਸਮਰੱਥ ਹਨ ਉਨ੍ਹਾਂ ਨੂੰ ਸਮੇਂ ਸਮੇਂ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਵੀ ਆਪਣੇ ਮਕਾਨ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰ ਸਕਣ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਸ਼ੀ ਦੀ ਵਰਤੋਂ ਸਿਰਫ ਮਕਾਨ ਬਣਾਉਣ ਲਈ ਹੀ ਕਰਨ ਕਿਉਂਕਿ ਇਸ ਯੋਜਨਾ ਤਹਿਤ ਇਹ ਫੰਡ ਪੰਜ ਕਿਸ਼ਤਾਂ ਵਿੱਚ ਦਿੱਤੇ ਜਾਣੇ ਹਨ।ਇਸ ਮੌਕੇ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਸਵਾ ਸਾਲ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਹਿੱਤਾਂ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਅੰਡਰ ਟ੍ਰੇਨਿੰਗ ਨਿਤੇਸ਼ ਜੈਨ, ਐਸਡੀਐਮ ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।