ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਨਾਲ ਹੋਰਨਾ ਨੂੰ ਉਤਸ਼ਾਹ ਮਿਲਣਾ ਸੁਭਾਵਿਕ : ਸੰਧਵਾਂ
ਦੀਪਕ ਗਰਗ
ਕੋਟਕਪੂਰਾ, 05 ਜੂਨ 2023: ਪੰਜਾਬ-ਚੰਡੀਗੜ ਜਰਨਲਿਸਟ ਯੂਨੀਅਨ ਵਲੋਂ ਪੰਜਾਬ ਪੱਧਰ ’ਤੇ ਪੁਜੀਸ਼ਨਾ ਹਾਸਲ ਕਰਨ ਅਰਥਾਤ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਲਈ ਬਾਬਾ ਫਰੀਦ ਕਾਲਜ ਆਫ ਨਰਸਿੰਗ ਫਰੀਦਕੋਟ ਰੋਡ ਕੋਟਕਪੂਰਾ ਵਿਖੇ 6 ਜੂਨ ਦਿਨ ਮੰਗਲਵਾਰ ਨੂੰ ਰੱਖੇ ਪੋ੍ਰਗਰਾਮ ਦਾ ਸੱਦਾ ਪੱਤਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੌਂਪਣ ਲਈ ਪੁੱਜੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਨਮਾਨ ਸਮਾਰੋਹ ਦੌਰਾਨ 10ਵੀਂ ਅਤੇ 12ਵੀਂ ਦੇ ਹੁਸ਼ਿਆਰ ਤੇ ਹੋਣਹਾਰ ਉਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ, ਜਿੰਨਾ ਨੇ ਦਸਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਪੁਜੀਸ਼ਨਾ ਹਾਸਲ ਕੀਤੀਆਂ ਹਨ। ਸਰਪ੍ਰਸਤ ਨਰਿੰਦਰ ਬੈੜ ਅਤੇ ਅਮਿਤ ਸ਼ਰਮਾ ਨੇ ਦੱਸਿਆ ਕਿ ਉਕਤ ਵਿਦਿਆਰਥੀ-ਵਿਦਿਆਰਥਣਾ ਵਿੱਚ ਗਗਨਦੀਪ ਕੌਰ ਅਤੇ ਨਵਜੋਤ ਕੌਰ ਉਹ ਵਿਦਿਆਰਥਣਾ ਵੀ ਸ਼ਾਮਲ ਹਨ, ਜਿੰਨਾ ਨੇ 10ਵੀਂ ਦੇ ਨਤੀਜਿਆਂ ’ਚ ਕ੍ਰਮਵਾਰ 650/650 (100%) ਅਤੇ 648/650 (99.69. ਫੀਸਦੀ) ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਪੰਜਾਬ ਪੱਧਰ ’ਤੇ ਰੁਸ਼ਨਾਇਆ ਹੈ। ਸਪੀਕਰ ਸੰਧਵਾਂ ਨੇ ਯੂਨੀਅਨ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿਹਤ ਅਤੇ ਸਿੱਖਿਆ ਪ੍ਰਬੰਧਾਂ ’ਚ ਸੁਧਾਰ ਕਰਨ ਦੇ ਨਾਲ ਨਾਲ ਮੁਫਤ ਅਤੇ ਵਧੀਆ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਵੀ ਮੰਨਿਆ ਕਿ ਇਸ ਤਰਾਂ ਦੇ ਸਨਮਾਨ ਸਮਾਰੋਹ ਨਾਲ ਹੋਰਨਾ ਬੱਚਿਆਂ ’ਚ ਪੜਾਈ ਪ੍ਰਤੀ ਦਿਲਚਸਪੀ ਅਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ।