2012 ਬੈਚ ਦੇ ਪੀ.ਸੀ.ਐਸ ਅਧਿਕਾਰੀ ਸੁਰਿੰਦਰ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦਾ ਅਹੁਦਾ ਸੰਭਾਲਿਆ
ਸਰਕਾਰ ਵੱਲੋਂ ਲੋੜਵੰਦਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਪ੍ਰਮੁੱਖਤਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 05 ਜੂਨ 2023: ਭਾਰਤੀਯ ਹਵਾਈ ਸੈਨਾ ਤੋਂ ਸੇਵਾ ਮੁਕਤ ਹੋਏ, ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦੇ ਤੁਰੰਤ ਢੁਕਵੇਂ ਹੱਲ ਕੱਢਣ ਦੀ ਸਮਰੱਥਾ ਰੱਖਣ ਵਾਲੇ ਅਧਿਕਾਰੀ ਸ੍ਰੀ ਸੁਰਿੰਦਰ ਸਿੰਘ (2012 ਬੈਚ) ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅਹੁਦਾ ਸੰਭਾਲਿਆ । ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਕਰਨਦੀਪ ਸਿੰਘ, ਐਸ.ਡੀ.ਐਮ.ਸ੍ਰੀ ਹਰਬੰਸ ਸਿੰਘ,ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਗੁਰਮੰਦਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਨੇ ਉਨ੍ਹਾਂ ਦਾ ਸਵਾਗਤ ਕੀਤਾ ।
ਜ਼ਿਕਰਯੋਗ ਹੈ ਕਿ ਹਵਾਈ ਫ਼ੌਜ ਵਿਚੋਂ ਸੇਵਾ ਮੁਕਤ ਹੋਣ ਮਗਰੋਂ ਸਾਲ 2012 ਬੈਚ ਪੀ.ਸੀ.ਐਸ. ਅਧਿਕਾਰੀ ਵਜੋਂ ਚੁਣੇ ਗਏ ਸੁਰਿੰਦਰ ਸਿੰਘ ਇਸ ਵੇਲੇ ਸੰਯੁਕਤ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ,ਪੰਜਾਬ ਚੰਡੀਗੜ੍ਹ ਵਿਖੇ ਤਾਇਨਾਤ ਸਨ । ਇਸ ਤੋਂ ਪਹਿਲਾਂ ਉਹ ਐਸ.ਡੀ.ਐਮ. ਅਜਨਾਲਾ, ਪੱਟੀ, ਤਰਨਤਾਰਨ,ਮੋਗਾ,ਖਡੂਰ ਸਾਹਿਬ, ਵਿਖੇ ਤਾਇਨਾਤ ਰਹੇ । ਇਸ ਉਪਰੰਤ ਸਹਾਇਕ ਕਮਿਸ਼ਨਰ ਪਠਾਨਕੋਟ, ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ, ਡਿਪਟੀ ਡਾਇਰੈਕਟਰ ਲੋਕਲ ਬਾਡੀ ਅੰਮ੍ਰਿਤਸਰ, ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ,ਮੋਗਾ, ਸ੍ਰੀ ਤਰਨਤਾਰਨ ਸਾਹਿਬ ਆਦਿ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਹਿਮ ਅਹੁਦਿਆਂ ਉੱਤੇ ਵੀ ਤਾਇਨਾਤ ਰਹਿ ਚੁੱਕੇ ਹਨ ।
ਵਿਸ਼ੇਸ਼ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਪ੍ਰਮੁੱਖਤਾ ਰਹੇਗੀ ।ਜ਼ਿਲ੍ਹਾ ਮਾਲੇਰਕੋਟਲਾ ਦੇ ਸਰਵਪੱਖੀ ਵਿਕਾਸ ਲਈ ਉਲੀਕੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਨ ਲਈ ਉਪਰਾਲੇ ਕਰਨਾ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ।