ਰੇਲ ਦੁਰਘਟਨਾ ਨੇ ਕੇਂਦਰੀ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਵਾਪਸ ਲੈਣ ਦੀ ਲੋੜ ਨੂੰ ਉਜਾਗਰ ਕੀਤਾ-ਇਫਟੂ
ਰੋਹਿਤ ਗੁਪਤਾ
ਗੁਰਦਾਸਪੁਰ 05 ਜੂਨ 2023: ਦੇਸ਼ ਦੇ ਆਮ ਲੋਕ ਰੇਲਵੇ ਦੇ ਨਿੱਜੀਕਰਨ ਦੀਆਂ ਨੀਤੀਆਂ ਅਤੇ ਸਾਰੀਆਂ ਨੌਕਰੀਆਂ ਨੂੰ ਗੈਰ-ਰਸਮੀ ਬਣਾਉਣ,ਕੰਮ ਕਰਨ ਦੀ ਸ਼ਕਤੀ ਵਿੱਚ ਕਮੀ , ਕੰਮ ਦੇ ਸਮੇਂ ਅਤੇ ਉਜ਼ਰਤਾਂ ਦੇ ਗ਼ੈਰ ਨਿਯਮਿਤ ਹੋਣ ਦੇ ਕੌੜੇ ਨਤੀਜੇ ਭੁਗਤ ਰਹੇ ਹਨ। ਇਹ ਵਿਚਾਰ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ ਅਤੇ ਸੂਬਾ ਖ਼ਜ਼ਾਨਚੀ ਜੋਜਿੰਦਰ ਪਾਲ ਪਨਿਆੜ ਨੇ ਉੜੀਸਾ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਲੋਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਗਟ ਕੀਤੇ।
ਆਗੂਆਂ ਮੰਗ ਕੀਤੀ ਹੈ ਕਿ ਇਸ ਹਾਦਸੇ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਹੈ ਅਤੇ ਰੇਲਵੇ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਪ੍ਰਭਾਵਿਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ,ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ,ਜ਼ਖ਼ਮੀਆਂ ਦਾ ਇਲਾਜ ਕੇਂਦਰ ਸਰਕਾਰ ਦੇ ਖਰਚੇ ਤੇ ਹੋਵੇ। ਉਨ੍ਹਾਂ ਕਿਹਾ ਕਿ ਨਿੱਜੀਕਰਨ ਕਰਨ ਨਾਲ ਰੇਲਵੇ ਵਿਭਾਗ ਵਿਚ ਵਰਕ ਫੋਰਸ ਦੀ ਭਾਰੀ ਕਮੀ, ਮਜ਼ਦੂਰਾਂ ਤੇ ਕੰਮ ਦਾ ਵਧਿਆ ਬੋਝ,ਮਾਨਸਿਕ ਤਣਾਅ ਅਤੇ ਦਬਾਅ ਅੱਜ-ਕੱਲ੍ਹ ਜਨਤਕ ਖੇਤਰ ਦੇ ਹੀ ਨਤੀਜੇ ਹਨ। ਮੋਦੀ ਸਰਕਾਰ ਕਾਰਪੋਰੇਟ ਦੇ ਹਿੱਤਾਂ ਦੀ ਪੂਰਤੀ ਕਰ ਰਹੀ ਹੈ । ਇਹ ਸਰਕਾਰ ਰੇਲਵੇ ਵਿਭਾਗ ਸਮੇਤ ਜਨਤਕ ਖੇਤਰ ਦੀਆਂ ਸਾਰੀਆਂ ਜਾਇਦਾਦਾਂ ਨੂੰ ਕਾਰਪੋਰੇਟ ਨੂੰ ਸੌਂਪਣ ਦੀ ਯੋਜਨਾ ਬਣਾ ਰਹੀ ਹੈ। ਜੋ ਆਉਣ ਵਾਲੇ ਸਮੇਂ ਵਿਚ ਆਮ ਪਬਲਿਕ ਲਈ ਘਾਤਕ ਸਿੱਧ ਹੋਵੇਗੀ । ਆਗੂਆਂ ਆਮ ਜੰਤਾ ਨੂੰ ਕੇਂਦਰ ਸਰਕਾਰ ਇਨ੍ਹਾਂ ਨੀਤੀਆਂ ਤੋਂ ਸੁਚੇਤ ਰਹਿਣ ਦੀ ਗੱਲ ਆਖੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਗਿੰਦਰਪਾਲ ਘੁਰਾਲਾ, ਸੁਖਦੇਵ ਰਾਜ ਬਹਿਰਾਮਪੁਰ,ਗੁਰਮੀਤ ਰਾਜਪਾਲ ਅਤੇ ਸੁਨੀਲ ਬਰਿਆਰ ਹਾਜ਼ਰ ਸਨ।