ਲੋਕ ਏਕਤਾ ਅੱਗੇ ਝੁਕਿਆ ਮਾਨਸਾ ਪੁਲਿਸ ਪ੍ਰਸ਼ਾਸਨ- ਝੋਟਾ ਅਤੇ ਸਾਥੀ ਰਿਹਾਅ
ਅਸ਼ੋਕ ਵਰਮਾ
ਮਾਨਸਾ, 05 ਜੂਨ 2023: ਮਾਨਸਾ ਇਲਾਕੇ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ, ਕਿਸਾਨ ਧਿਰਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੇ ਦਬਾਅ ਅੱਗੇ ਝੁਕਦਿਆਂ ਮਾਨਸਾ ਪੁਲੀਸ ਪ੍ਰਸ਼ਾਸਨ ਨੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਨਸ਼ਿਆਂ ਖਿਲਾਫ਼ ਮੁਹਿੰਮ ਦੀ ਸੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਤਿੰਨ ਹੋਰ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ। ਮਾਨਸਾ ਦੀਆਂ ਜਥੇਬੰਦੀਆਂ ਨੇ ਮੰਗਲਵਾਰ ਨੂੰ ਇਸ ਜਿੱਤ ਦੀ ਖੁਸ਼ੀ ਵਿੱਚ ਜੋਤੂ ਮਾਰਚ ਕਰਨ ਦਾ ਐਲਾਨ ਵੀ ਕੀਤਾ ਹੈ।
ਹਾਲਾਂਕਿ ਪੁਲਿਸ ਦੀ ਇਸ ਕਾਰਵਾਈ ਖ਼ਿਲਾਫ਼ ਰੋਹ ਤਾਂ ਕਈ ਦਿਨਾਂ ਤੋਂ ਭੜਕਿਆ ਹੋਇਆ ਸੀ ਪਰ ਇਹਨਾਂ ਨੌਜਵਾਨਾਂ ਖ਼ਿਲਾਫ਼ ਦੋ ਦਿਨ ਪਹਿਲਾ ਮਾਨਸਾ ਪੁਲਿਸ ਵੱਲੋਂ ਦਰਜ ਕੀਤੇ ਇਰਾਦਾ ਕਤਲ ਦੇ ਮੁਕੱਦਮੇ ਨੂੰ ਲੈ ਕੇ ਮਾਨਸਾ ਦੀਆਂ ਸਮੂਹ ਪਾਰਟੀਆਂ, ਸੰਘਰਸ਼ੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹ ਦਿੱਤਾ। ਕਾਫ਼ੀ ਸਮਾਂ ਪੁਲਸ ਪ੍ਰਸ਼ਾਸਨ ਧਰਨਾਕਾਰੀਆਂ ਦੀ ਨਬਜ਼ ਟੋਹਣ ਦੇ ਚੱਕਰ ਚ ਲੱਗਿਆ ਰਿਹਾ ਪਰ ਅੰਤ ਨੂੰ ਸੰਘਰਸ਼ ਕਰ ਰਹੇ ਲੋਕਾਂ ਨੇ ਦਿਨ ਰਾਤ ਦਾ ਮੋਰਚਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਪੈਦਾ ਹੋਏ ਜਨਤਕ ਰੋਹ ਦੇ ਦਬਾਅ ਅੱਗੇ ਝੁਕਦਿਆਂ ਐੱਸਐੱਸਪੀ ਮਾਨਸਾ ਨੇ ਕੇਸ ਰੱਦ ਕਰਕੇ ਪਰਮਿੰਦਰ ਸਿੰਘ ਝੋਟਾ ਨੁੂੰ ਜਲਦ ਰਿਹਾ ਕਰਨ, ਡੀਐਸਪੀ ਤੇ ਡਰੱਗ ਇੰਸਪੈਕਟਰ ਖ਼ਿਲਾਫ਼ ਪੜਤਾਲ ਕਰਾਉਣ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦਾ ਐਲਾਨ ਐਸਪੀ (ਡੀ) ਬੀਕੇ ਸਿੰਗਲਾ ਨੇ ਧਰਨੇ ਦੇ ਮੰਚ 'ਤੇ ਪਹੁੰਚ ਕੇ ਕੀਤਾ। ਉਸ ਦੇ ਬਾਵਜੂਦ ਵੀ ਜਦੋਂ ਧਰਨਾਕਾਰੀ ਟੱਸ ਤੋਂ ਮੱਸ ਨਾ ਹੋਏ ਤਾਂ ਅੰਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨਾ ਪਿਆ।
ਧਰਨਾਕਾਰੀਆਂ ਨੇ ਮਾਨਸਾ ਦੇ ਇੱਕ ਮੈਡੀਕਲ ਹਾਲ ਵਾਲਿਆਂ ਦੀ ਨਸ਼ਾ ਵੇਚਦਿਆਂ ਦੀ ਵੀਡੀਓ ਬਣਾ ਲੈਣ ਬਦਲੇ ਪੁਲਸ ਥਾਣਾ ਮਾਨਸਾ ਸਿਟੀ-1 ਦੇ ਮੁਲਾਜ਼ਮ ਵੱਲੋਂ ਇਕ ਛੋਟੀ ਉਮਰ ਦੇ ਗੁਰਸਿੱਖ ਲੜਕੇ ਆਕਾਸ਼ ਦੀਪ ਨੂੰ ਗੈਰ-ਕਾਨੂੰਨੀ ਤੌਰ ਤੇ ਹਿਰਾਸਤ ਵਿਚ ਲੈ ਕੇ ਉਸ ਦੀ ਰਾਤ ਭਰ ਕੁੱਟ ਮਾਰ ਕਰਨ, ਗਾਲਾਂ ਦੇ ਕੇ ਅਪਮਾਨਤ ਕਰਨ ਅਤੇ ਉਸ ਨੂੰ ਪਰਵਿੰਦਰ ਸਿੰਘ ਝੋਟਾ ਦਾ ਨਾਂ ਲੈਣ ਲਈ ਮਜ਼ਬੂਰ ਅਤੇ ਆਕਾਸ਼ ਦਾ ਫੋਨ ਖੋਹ ਲੈਣ ਦੀ ਸਖਤ ਨਿਖੇਧੀ ਕਰਦੇ ਹੋਏ ਪ੍ਰਸ਼ਾਸਨ ਤੋਂ ਇਸ ਦੋਸ਼ੀ ਪੁਲਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।
ਅੱਜ ਦੇ ਇਕੱਠ ਨੁੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈੰਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਵਲੋਂ ਕਾਮਰੇਡ ਕ੍ਰਿਸ਼ਨ ਚੌਹਾਨ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ, ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸ੍ਰੋਮਣੀ ਅਕਾਲੀ ਦਲ ਮਾਨ ਦੇ ਗੁਰਸੇਵਕ ਸਿੰਘ ਜਵਾਹਰਕੇ, ਸ੍ਰੋਮਣੀ ਕਮੇਟੀ ਮੈੰਬਰ ਗੁਰਪ੍ਰੀਤ ਸਿੰਘ ਝੱਬਰ, ਜਸਬੀਰ ਕੌਰ ਨੱਤ ਆਗੂ ਪ੍ਰਗਤੀਸੀਲ ਇਸਤਰੀ ਸਭਾ, ਕਾਂਗਰਸ ਵਲੋਂ ਡਾ: ਮਨਜੀਤ ਰਾਣਾ, ਡਾਕਟਰ ਧੰਨਾ ਮੱਲ ਗੋਇਲ ਅਤੇ ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਸਮੇਤ ਵੱਡੀ ਗਿਣਤੀ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸੁਖਜੀਤ ਸਿਘ ਰਾਮਾਨੰਦੀ ਨੇ ਚਲਾਈ।