ਮਹਿਲਾ ਪਹਿਲਵਾਨ ਦੇ ਹੱਕ ਵਿੱਚ ਕੁਲ ਹਿੰਦ ਕਿਸਾਨ ਸਭਾ ਨੇ ਫੂਕਿਆ ਬ੍ਰਿਜ ਭੂਸ਼ਣ ਦਾ ਪੁਤਲਾ
ਜਗਰਾਉਂ, 05 ਜੂਨ 2023 (ਦੀਪਕ ਜੈਨ) : ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਦੇਸ਼ ਦੀਆ ਮਹਾਨ ਖਿਡਾਰੀਆਂ ਵੱਲੋਂ ਇਨਸਾਫ਼ ਦੀ ਮੰਗ ਲਈ ਜੰਤਰ-ਮੰਤਰ ਵਿਖੇ ਲਗਾਏ ਗਏ ਧਰਨੇ ਦੇ ਹੱਕ ਵਿੱਚ ਅੱਜ ਸੁਭਾ ਕਾਰਜਕਾਰਿਨੀ ਪ੍ਰਧਾਨ ਪੰਜਾਬ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਯੁਕਤ ਮੋਰਚੇ ਦੇ ਫੈਸਲੇ ਨੂੰ ਲਾਗੂ ਕਰਦੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਕਈ ਮਹਿਲਾ ਖਿਡਾਰੀਆਂ ਜਿੰਨ੍ਹਾਂ ਵਿਚੋਂ ਇਕ ਨਾਬਾਲਗ ਮਹਿਲਾ ਖਿਡਾਰੀ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ, ਜੋ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸੰਸਥਾ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਵੀ ਹੈ। ਇਹ ਮਹਿਲਾ ਪਹਿਲਵਾਨ 23 ਅਪ੍ਰੈਲ 2023 ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀਆਂ ਹਨ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜਨਵਰੀ 2023 'ਚ ਖਿਡਾਰੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਨ 'ਚ ਨਾਕਾਮ ਰਹਿਣ ਤੋਂ ਬਾਅਦ ਦੋਸ਼ੀ ਸੰਸਦ ਮੈਂਬਰ ਖਿਲਾਫ ਜਾਂਚ ਕਰਨ ਦੇ ਲਈ ਲੜੀਂਦੇ ਕਦਮ ਨਹੀਂ ਚੁੱਕ ਗਏ ਸਨ। ਖਿਡਾਰੀਆਂ ਨੂੰ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨੀ ਪਈ ਅਤੇ ਮਾਣਯੋਗ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਤੋਂ ਬਾਅਦ ਹੀ ਦਿੱਲੀ ਪੁਲਿਸ ਨੇ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ 2 ਐਫ ਆਈ ਆਰ ਦਰਜ ਕੀਤੀਆਂ।
ਓਨਾ ਕਿਹਾ ਕਿ ਬਦਕਿਸਮਤੀ ਨਾਲ ਉਸ ਤੋਂ ਬਾਅਦ ਵੀ ਦਿੱਲੀ ਪੁਲਿਸ ਆਪਣੇ ਪੈਰ ਘਸੀਟਦੀ ਰਹੀ ਹੈ ਅਤੇ ਜਾਂਚ ਅਤੇ ਮੁਕੱਦਮੇ ਨੂੰ ਅੱਗੇ ਨਹੀਂ ਵਧਾਇਆ ਗਿਆ ਹੈ। ਜਦੋਂ ਖਿਡਾਰੀਆਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ 28 ਮਈ, 2023 ਨੂੰ ਦਿੱਲੀ ਵਿਖੇ ਸ਼ਾਂਤੀਪੂਰਵਕ ਮਾਰਚ ਕੀਤਾ, ਤਾਂ ਕੇਂਦਰ ਸਰਕਾਰ ਦੇ ਨਿਯੰਤਰਣ ਹੇਠ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਰੋਸ ਮਾਰਚ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ, ਉਨ੍ਹਾਂ ਵਿਰੁੱਧ ਐਫ.ਆਈ.ਆਰਾ. ਦਰਜ ਕੀਤੀਆਂ ਅਤੇ ਫਿਰ ਜਬਰਦਸਤੀ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਂਤਮਈ ਚੱਲ ਰਹੇ ਧਰਨੇ ਵਾਲੀ ਥਾਂ (ਜੰਤਰ-ਮੰਤਰ) ਤੋਂ ਹਟਾ ਦਿੱਤਾ।
ਓਨਾ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਜ਼ਬਰਦਸਤੀ ਹਟਾਉਣਾ ਸਰਾਸਰ ਗਲਤ ਅਤੇ ਗੈਰ-ਜਮਹੂਰੀ ਹੈ। ਅਸੀਂ ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਲ ਕਿਸਾਨ ਜਥੇਦੀਆਂ, ਇਸ ਘਟਨਾਕ੍ਰਮ ਤੋਂ ਬੇਹੱਦ ਦੁਖੀ ਹਨ। ਖ਼ੁਦ ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਤੁਸੀਂ ਜਾਣਦੇ ਹੋ ਕਿ ਕੁਸ਼ਤੀ ਇੱਕ ਪੇਂਡੂ ਖੇਡ ਹੈ ਅਤੇ ਬਿਜ ਭੂਸ਼ਣ ਸ਼ਰਨ ਸਿੰਘ ਦੀ ਹਵਸ ਦਾ ਸ਼ਿਕਾਰ ਅਤੇ ਗੁੰਡਾਗਰਦੀ ਦੀਆਂ ਸ਼ਿਕਾਰ ਪੇਂਡੂ ਕਿਸਾਨ ਪਰਿਵਾਰਾਂ ਦੇ ਪਰਿਵਾਰ ਨਾਲ ਹੀ ਸਬੰਧ ਰੱਖਦੀਆਂ ਹਨ। ਇਸ ਲਈ ਅਸੀਂ ਚਿੰਤਤ ਹਾਂ ਕਿ ਕਿਸਾਨਾਂ ਦੀਆਂ ਧੀਆਂ ਜਿਨ੍ਹਾਂ ਨੇ ਸਖਤ ਮਿਹਨਤ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ, ਰਾਜਨੀਤਿਕ ਤੌਰ 'ਤੇ ਸ਼ਕਤੀਸ਼ਾਲੀ ਲੋਕਾਂ ਦੇ ਇਸਾਰੇ ਤੇ ਬਹੁਤ ਬੇਰਹਿਮੀ ਨਾਲ ਸਲੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਕੱਤਰ ਤਹਿਸੀਲ ਜਗਰਾਉਂ ਕੁਲ ਹਿੰਦ ਕਿਸਾਨ ਸਭਾ ਗੁਰਦੀਪ ਸਿੰਘ ਕੋਟ ਉਮਰਾ, ਭਰਪੂਰ ਸਿੰਘ ਛੱਜਾਵਾਲ, ਪਾਲ ਸਿੰਘ ਭੰਮੀਪੁਰਾ, ਮਨਜੀਤ ਸਿੰਘ, ਬਲਵਿੰਦਰ ਸਿੰਘ ਸਿਧਵਾਂ ਬੇਟ, ਬਲਵਿੰਦਰ ਸਿੰਘ ਸਿਧਮਾ ਬੇਟ, ਡਾਕਟਰ ਜਗਜੀਤ ਸਿੰਘ ਡਾਂਗੀਆਂ, ਨਿਰਮਲ ਸਿੰਘ ਧਾਲੀਵਾਲ, ਅਜੀਤ ਸਿੰਘ, ਕਰਮ ਸਿੰਘ, ਪਰਕਾਸ਼ ਸਿੰਘ ਲੀਲ, ਚਮਕੌਰ ਸਿੰਘ ਲੀਲ੍ਹ ਸਾਥੀ ਹਾਜਰ ਸਨ।