ਬਠਿੰਡਾ ਜ਼ਿਲ੍ਹੇ ਵਿੱਚ ਰੋਸ ਮੁਜ਼ਾਹਰੇ ਕਰਕੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁਤਲੇ ਸਾੜੇ
ਅਸ਼ੋਕ ਵਰਮਾ
ਬਠਿੰਡਾ, 05 ਜੂਨ 2023: ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਪਹਿਲਵਾਨ ਕੁੜੀਆਂ ਦੇ ਸ਼ਾਂਤ ਮਈ ਰੋਸ ਦਾ ਹੱਕ ਬਹਾਲ ਕਰਵਾਉਣ ਅਤੇ ਬਿ੍ਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਅੱਜ ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਮੌੜ ਮੰਡੀ, ਤਲਵੰਡੀ ਸਾਬੋ ,ਸੰਗਤ ਮੰਡੀ ,ਗੋਨਿਆਣਾ ,ਭਗਤਾ ਭਾਈ ,ਨਥਾਣਾ ਅਤੇ ਰਾਮਪੁਰਾ ਸ਼ਹਿਰਾਂ ਮੁਜ਼ਾਹਰਾ ਕਰ ਕੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸਾਂਸਦ ਮੈਂਬਰ ਬ੍ਰਿਜ ਭੂਸਨ ਸ਼ਰਨ ਸਿੰਘ ਦੀਆਂ ਅਰਥੀਆਂ ਸਾੜੀਆਂ ਗਈਆਂ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ , ਬਸੰਤ ਸਿੰਘ ਕੋਠਾ ਗੁਰੂ, ਹਰਿੰਦਰ ਬਿੰਦੂ ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਇਨਸਾਫ਼ ਲੈਣ ਲਈ ਦਿੱਲੀ ਦੇ ਜੰਤਰ-ਮੰਤਰ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਕੁੜੀਆਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਤੇ ਹੀ ਪੁਲਿਸ ਕੇਸ ਮੜ ਦਿੱਤੇ ਅਤੇ ਪੁਲਸੀ ਜਬਰ ਢਾਹਿਆ ਗਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬਿ੍ਜ਼ ਭੂਸ਼ਨ ਖਿਲਾਫ ਪਹਿਲਵਾਨ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਪੁਲਸ ਕੇਸ ਤਾਂ ਦਰਜ ਕਰ ਲਿਆ ਪ੍ਰੰਤੂ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਖਿਡਾਰਨਾਂ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸਜ਼ ਦੇਣ ਦੀ ਬਜਾਇ ਕੇਂਦਰ ਦੀ ਮੋਦੀ ਸਰਕਾਰ ਉਸ ਦਾ ਪੱਖ ਪੂਰ ਰਹੀ ਹੈ ਜਦੋਂ ਕਿ ਦੋਸ਼ੀ ਖਿਲਾਫ ਪਹਿਲਾ ਵੀ ਦਰਜਨਾਂ ਦੀ ਗਿਣਤੀ ਵਿਚ ਅਪਰਾਧਿਕ ਕੇਸ ਦਰਜ ਹਨ । ਬੁਲਾਰਿਆਂ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ, ਖਿਡਾਰਨਾਂ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ, ਝੂਠੇ ਪੁਲਿਸ ਕੇਸ ਰੱਦ, ਉਨ੍ਹਾਂ ਦਾ ਸਾਰਾ ਸਾਮਾਨ ਤੁਰੰਤ ਵਾਪਸ ਅਤੇ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਬਹਾਲ ਕਰਨ ਦੀ ਮੰਗ ਕੀਤੀ।
ਅੱਜ ਦੇ ਇਕੱਠਾਂ ਵਿੱਚ ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਜਸਵੀਰ ਸਿੰਘ ਬੁਰਜ ਸੇਮਾ, ਸੁਖਜੀਤ ਕੌਰ, ਸੁਖਦੇਵ ਸਿੰਘ ਰਾਮਪੁਰਾ, ਹੁਸ਼ਿਆਰ ਸਿੰਘ, ਜਸਪਾਲ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਬਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ ਅਤੇ ਗੁਰਮੇਲ ਸਿੰਘ ਬਬਲੀ ਤੋਂ ਇਲਾਵਾ ਡੈਮੋਕ੍ਰੇਟਿਕ ਟੀਚਰਜ ਫਰੰਟ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਠੇਕਾ ਮੁਲਾਜਮ ਸੰਘਰਸ਼ ਮੋਰਚਾ , ਟੀ. ਐੱਸ. ਯੂ, ਗੌਰਮਿੰਟ ਪੈਨਸ਼ਨ ਐਸ਼ੋਸੀਏਸ਼ਨ,ਪੀ ਐਸ ਯੂ (ਸ਼ਹੀਦ ਰੰਧਾਵਾ) ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।