ਕੇਂਦਰੀ ਟੀਮ ਨੇ ਜਲ ਸ਼ਕਤੀ ਅਭਿਆਨ ਤਹਿਤ ਜਲੰਧਰ ’ਚ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
'ਕੈਚ ਦਿ ਰੇਨ' ਪਹਿਲਕਦਮੀ ਤਹਿਤ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੋਰ ਠੋਸ ਉਪਰਾਲੇ ਕੀਤੇ ਜਾਣ: ਦਿਨੇਸ਼ ਕੁਮਾਰ
ਕੇਂਦਰੀ ਨੋਡਲ ਅਫ਼ਸਰ ਵੱਲੋਂ ਪਾਣੀ ਦੇ ਪੱਧਰ ’ਚ ਸੁਧਾਰ ਲਈ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ
ਜਲੰਧਰ, 05 ਜੂਨ 2023 : ਕੇਂਦਰੀ ਟੀਮ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਕੇਂਦਰੀ ਨੋਡਲ ਅਫ਼ਸਰ, ਜੁਆਇੰਟ ਸਕੱਤਰ, ਰੱਖਿਆ ਮੰਤਰਾਲੇ, ਦਿਨੇਸ਼ ਕੁਮਾਰ, ਆਈ.ਏ.ਐਸ. ਦੀ ਅਗਵਾਈ ਵਾਲੀ ਟੀਮ ਵੱਲੋਂ 'ਕੈਚ ਦਿ ਰੇਨ' 2023 ਪਹਿਲਕਦਮੀ ਤਹਿਤ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਕੁਝ ਸਥਾਨਾਂ ਦਾ ਦੌਰਾ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਵਿਗਿਆਨੀ ਕੇ.ਪੀ.ਸਿੰਘ ਦੇ ਨਾਲ ਕੇਂਦਰੀ ਨੋਡਲ ਅਫ਼ਸਰ ਨੇ ਸਬੰਧਤ ਵਿਭਾਗਾਂ ਨਾਲ ਵਿਸਥਾਰਿਤ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਸੁਧਾਰ ਲਈ ਹੋਰ ਠੋਸ ਉਪਰਾਲੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਸਬੰਧ ਵਿੱਚ ਸਾਰਥਕ ਨਤੀਜੇ ਸਾਹਮਣੇ ਆ ਸਕਣ। ਉਨ੍ਹਾਂ ਪ੍ਰਸ਼ਾਸਨ ਵੱਲੋਂ ਸਾਲ 2023-24 ਲਈ ਜ਼ਿਲ੍ਹਾ ਜਲ ਸੰਭਾਲ ਯੋਜਨਾ ਨੂੰ ਜਲਦ ਮੁਕੰਮਲ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਵੱਲੋਂ ਜਲ ਸ਼ਕਤੀ ਕੇਂਦਰਾਂ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਛੱਪੜਾਂ, ਤੁਪਕਾ ਸਿੰਚਾਈ ਪ੍ਰਣਾਲੀ ਅਤੇ ਬੂਟੇ ਲਾਉਣ ਦੀ ਮੁਹਿੰਮ ਸਮੇਤ ਪ੍ਰਮੁੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਇਨ੍ਹਾਂ ਦਾ ਵਿਅਕਤੀਗਤ ਤੌਰ ’ਤੇ ਦੌਰਾ ਕੀਤਾ ਗਿਆ।
ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਉਪਰੰਤ ਕੇਂਦਰੀ ਜੁਆਇੰਟ ਸਕੱਤਰ ਦਿਨੇਸ਼ ਕੁਮਾਰ, ਆਈ.ਏ.ਐਸ ਨੇ ਜਲ ਸ਼ਕਤੀ ਕੇਂਦਰ ਦਾ ਦੌਰਾ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਕੇ.ਵੀ.ਕੇ. ਨੂਰਮਹਿਲ ਵਿਖੇ ਤੁਪਕਾ ਸਿੰਚਾਈ ਪ੍ਰਣਾਲੀ, ਤਲਵੰਡੀ ਮਾਧੋ ਵਿਖੇ ਥਾਪਰ ਮਾਡਲ ਤਹਿਤ ਛੱਪੜ, ਪਿੰਡ ਸੀਚੇਵਾਲ ਵਿਖੇ ਸੀਚੇਵਾਲ ਮਾਡਲ ਤਹਿਤ ਬਣੇ ਛੱਪੜ ਦਾ ਨਿਰੀਖਣ ਕੀਤਾ। ਕੇ.ਵੀ.ਕੇ. ਵਿਖੇ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਇਸ ਸੰਦਰਭ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਹੋਰ ਕਿਸਾਨ ਵੀ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਪਾਣੀ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਣ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੇਂਦਰੀ ਟੀਮ ਨੂੰ ਛੱਪੜਾਂ ਨੂੰ ਮੁੜ ਸੁਰਜੀਤ ਕਰਨ, ਵਾਟਰ ਟ੍ਰੀਟਮੈਂਟ ਪਲਾਂਟ, ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪਾਈਪ ਲਾਈਨਾਂ ਰਾਹੀਂ ਛੱਪੜਾਂ ਦੇ ਪਾਣੀ ਦੀ ਮੁੜ ਵਰਤੋਂ ਵਰਗੇ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ, ਜੋ ਸਬੰਧਤ ਅਥਾਰਟੀਆਂ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਬਰਸਾਤੀ ਪਾਣੀ ਦੀ ਵੱਧ ਤੋਂ ਵੱਧ ਸੰਭਾਲ ਲਈ ਕਈ ਨਵੇਂ ਪ੍ਰਾਜੈਕਟ ਤਜਵੀਜ਼ ਕੀਤੇ ਗਏ ਹਨ। ਕੇਂਦਰੀ ਨੋਡਲ ਅਫ਼ਸਰ ਨੇ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਪਾਣੀ ਦੀ ਸੰਭਾਲ ਲਈ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਵਧੇਰੇ ਗਿਣਤੀ ਵਿੱਚ ਆਈ.ਈ.ਸੀ. ਗਤੀਵਿਧੀਆਂ ਕਰਵਾਈਆਂ ਜਾਣ। ਉਨ੍ਹਾਂ ਨੇ ਜ਼ਿਲ੍ਹਾ ਟੀਮ ਨੂੰ ਪਾਣੀ ਦੇ ਸਾਰੇ ਸੋਮਿਆਂ ਦੀ ਜੀਓ ਟੈਗਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਕੇਂਦਰੀ ਨੋਡਲ ਅਫ਼ਸਰ ਨੇ ਜ਼ਿਲ੍ਹਾ ਜਲ ਸੰਭਾਲ ਯੋਜਨਾ ਨੂੰ ਸਫ਼ਲਤਾਪੂਰਵਕ ਸਮਾਂਬੱਧ ਢੰਗ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ 'ਤੇ ਸਮੀਖਿਆ ਦੀ ਲੋੜ 'ਤੇ ਜ਼ੋਰ ਦਿੱਤਾ। ਕੇਂਦਰੀ ਟੀਮ ਨੇ ਅੰਮ੍ਰਿਤ ਸਰੋਵਰਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਜਲੰਧਰ ’ਚ 75 ਅੰਮ੍ਰਿਤ ਸਰੋਵਰ ਵਿਕਸਤ ਕਰਨ ਦੀ ਯੋਜਨਾ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਕੇਂਦਰੀ ਟੀਮ ਨੂੰ ਭਰੋਸਾ ਦਿਵਾਇਆ ਕਿ 39 ਅੰਮ੍ਰਿਤ ਸਰੋਵਰਾਂ ਦੇ ਬਾਕੀ ਰਹਿੰਦੇ ਕੰਮ ਨੂੰ ਇਸ ਮਹੀਨੇ ਦੇ ਅੰਤ ਤੱਕ ਨੇਪਰੇ ਚਾੜ੍ਹ ਦਿੱਤਾ ਜਾਵੇਗਾ ਅਤੇ ਸਮੁੱਚੇ 75 ਸਰੋਵਰ ਮੁਕੰਮਲ ਹੋ ਜਾਣਗੇ।
ਇਸ ਤੋਂ ਪਹਿਲਾਂ ਕੇਂਦਰੀ ਟੀਮ ਵੱਲੋਂ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਉਨ੍ਹਾਂ ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਡਰੈਗਨ ਅਤੇ ਹੋਰ ਫਲਾਂ ਦੀ ਜੈਵਿਕ ਖੇਤੀ ਦੇਖੀ। ਉਨ੍ਹਾਂ ਨੇ ਸੰਸਥਾਨ ਵੱਲੋਂ ਪਾਣੀ ਦੀ ਸੰਭਾਲ 'ਤੇ ਆਧਾਰਿਤ ਕੀਤੇ ਜਾ ਰਹੇ ਚੰਗੇ ਖੇਤੀ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
ਇਸ ਦੌਰਾਨ, ਕੇਂਦਰੀ ਨੋਡਲ ਅਫ਼ਸਰ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਪਣੀ ਟੀਮ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਬੂਟੇ ਵੀ ਲਗਾਏ ਗਏ। ਟੀਮ ਮੈਂਬਰਾਂ ਨੇ ਮਾਨਸੂਨ ਸੀਜ਼ਨ ਤੋਂ ਪਹਿਲਾਂ ਵੱਧ ਤੋਂ ਵੱਧ ਬੂਟੇ ਲਗਾਉਣ 'ਤੇ ਜ਼ੋਰ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਭੂਮੀ ਤੇ ਜਲ ਸੰਭਾਲ ਅਫ਼ਸਰ ਲੁਪਿੰਦਰ ਕੁਮਾਰ, ਡੀ.ਡੀ.ਪੀ.ਓ.ਸੁਖਬੀਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਕੇਂਦਰੀ ਟੀਮ ਆਪਣੇ ਤਿੰਨ ਦਿਨਾਂ ਦੌਰੇ ਤਹਿਤ ਅੱਜ ਜਲੰਧਰ ਪਹੁੰਚੀ ਹੈ।