"ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ।" ---
ਬੀਕੇਯੂ ਡਕੌਂਦਾ ਵੱਲੋਂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਖਿਲਾਫ਼ ਫੈਲਾਈਆਂ ਜਾ ਰਹੀਆਂ ਖਬਰਾਂ ਤੋਂ ਸੁਚੇਤ ਰਹਿਣ ਅਪੀਲ
ਮੋਦੀ ਹਕੂਮਤ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਕੀਤਾ ਸੁਚੇਤ
ਦਲਜੀਤ ਕੌਰ
ਚੰਡੀਗੜ੍ਹ, 05 ਜੂਨ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਖਿਲਾਫ਼ ਫੈਲਾਈਆਂ ਜਾ ਰਹੀਆਂ ਖਬਰਾਂ ਤੋਂ ਸੁਚੇਤ ਰਹਿਣ ਅਪੀਲ ਕਰਦਿਆਂ ਕਿਹਾ ਗੋਦੀ ਮੀਡੀਆ ਅਤੇ ਭਾਜਪਾ ਦਾ ਆਈ ਟੀ ਸੈੱਲ ਪਹਿਲਵਾਨਾਂ ਦੇ ਸੰਘਰਸ਼ ਖ਼ਿਲਾਫ਼ ਕਮੀਨੀਆਂ ਹਰਕਤਾਂ ਤੇ ਉੱਤਰ ਆਇਆ ਹੈ। ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਅੱਧੀ ਰਾਤ ਗੱਲਬਾਤ ਲਈ ਬੁਲਾਇਆ। ਦੋ ਘੰਟੇ ਚੱਲੀ ਗੱਲਬਾਤ ਨੂੰ ਅਮਿਤ ਸ਼ਾਹ ਨੇ ਖੁਦ ਹੀ ਆਪਣੇ ਪਾਲਤੂ ਮੀਡੀਆ ਕੋਲ ਨਸ਼ਰ ਕੀਤਾ ਅਤੇ ਸਾਜ਼ਿਸ਼ ਵੀ ਰਚ ਦਿੱਤੀ ਕਿ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਸੰਘਰਸ਼ ਨੂੰ ਵਿੱਚ ਛੱਡਦਿਆਂ ਡਿਉਟੀਆਂ ਜੁਆਇੰਨ ਕਰ ਲਈਆਂ ਹਨ। ਕੱਲ੍ਹ ਹੀ ਨਾਬਾਲਗ ਖਿਡਾਰਨ ਵੱਲੋਂ ਸ਼ਿਕਾਇਤ ਵਾਪਸ ਲੈਣ ਦੀ ਖ਼ਬਰ ਮੁੱਖ ਸੁਰਖੀ ਬਣਾ ਦਿੱਤੀ ਗਈ ਸੀ।
ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ 'ਦ ਵਾਇਰ' ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਸਭ ਝੂਠੀਆਂ ਅਫ਼ਵਾਹਾਂ ਹਨ ਕਿ ਪਹਿਲਵਾਨਾਂ ਨੇ ਸੰਘਰਸ਼ ਛੱਡ ਦਿੱਤਾ ਹੈ। ਅਸੀਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਜਾਰੀ ਰੱਖਾਂਗੇ।"
ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਪਹਿਲਵਾਨਾਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰ ਰਹੇ ਹਾਂ। ਐੱਸਕੇਐੱਮ ਦੇ ਸੱਦੇ ਤੇ 1 ਜੂਨ ਅਤੇ 5 ਜੂਨ ਨੂੰ ਅਨੇਕਾਂ ਥਾਵਾਂ ਤੇ ਅਰਥੀ ਸਾੜ ਮੁਜ਼ਾਹਰੇ ਕੀਤੇ ਹਨ। ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਮੋਦੀ ਹਕੂਮਤ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿੰਦਿਆਂ ਪਹਿਲਵਾਨਾਂ ਦੇ ਸੰਘਰਸ਼ ਨੂੰ ਹਮਾਇਤ ਜਾਰੀ ਰੱਖੋ। ਉਨ੍ਹਾਂ ਕਿਹਾ ਕਿ ਉਹ ਐਲਾਨ ਕਰਦੇ ਹਨ ਕਿ ਤੁਹਾਡੀਆਂ ਸਾਰੀਆਂ ਸਾਜ਼ਿਸ਼ਾਂ ਅਤੇ ਪਹਿਲਵਾਨਾਂ ਦੀ ਧੌਣ ਵੱਲ ਵਧ ਰਹੀ ਪੁਲਿਸੀਏ ਬੂਟਾਂ ਦੀ ਦਹਿਸ਼ਤ ਇਨ੍ਹਾਂ ਦੇ ਹੌਸਲੇ ਨੂੰ ਰੋਕ ਨਹੀਂ ਸਕੇਗੀ।