ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਬ੍ਰਿਜ ਭੂਸ਼ਨ ਪੁਤਲੇ ਫੂਕ ਕੇ ਸੰਗਰੂਰ ਜ਼ਿਲ੍ਹੇ 'ਚ ਰੋਸ ਪ੍ਰਦਰਸ਼ਨ
ਪਹਿਲਵਾਨ ਲੜਕੀਆਂ ਨਾਲ ਛੇੜਛਾੜ ਅਤੇ ਜਿਨਸੀ ਸੋਸ਼ਣ ਦੇ ਦੋਸ਼ੀ ਭਾਜਪਾ ਐੱਮਪੀ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਦੀ ਮੰਗ
ਦਿੱਲੀ ਵਿਖੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਹਿਲਵਾਨਾਂ ਤੇ ਦਰਜ਼ ਕੀਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ
ਦਲਜੀਤ ਕੌਰ
ਸੰਗਰੂਰ, 05 ਜੂਨ, 2023: ਪਹਿਲਵਾਨ ਲੜਕੀਆਂ ਨਾਲ ਛੇੜਛਾੜ ਅਤੇ ਜਿਨਸੀ ਸੋਸ਼ਣ ਦੇ ਦੋਸ਼ੀ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਦੀ ਅਤੇ ਦਿੱਲੀ ਵਿਖੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਪਹਿਲਵਾਨਾਂ ਤੇ ਦਰਜ਼ ਕੀਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਢੱਡਰੀਆਂ, ਲੌਂਗੋਵਾਲ, ਜਹਾਂਗੀਰ, ਈਸਾਪੁਰ ਲੰਡਾ, ਰਾਜੋਮਾਜਰਾ, ਕੁੰਨਰਾਂ, ਦੁੱਗਾਂ, ਉਭਾਵਾਲ, ਸਾਹੋਕੇ, ਸਮੇਤ ਤਕਰੀਬਨ ਦੋ ਦਰਜਨ ਪਿੰਡਾਂ ਵਿਚ ਬ੍ਰਿਜ ਭੂਸ਼ਨ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਸੰਗਰੂਰ ਤੋਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਜਦੋਂ 28 ਮਈ ਨੂੰ ਮੋਦੀ ਨਵੀਂ ਸੰਸਦ ਦਾ ਉਦਘਾਟਨ ਕਰ ਰਿਹਾ ਸੀ ਤਾਂ ਉਸ ਸਮੇਂ ਜਿਣਸੀ ਸੋਸ਼ਨ ਦਾ ਦੋਸੀ ਬ੍ਰਿਜ ਭੂਸ਼ਨ ਉਸ ਦੇ ਨਾਲ ਹਾਜਰ ਸੀ ਅਤੇ ਦੂਜੇ ਪਾਸੇ ਇਨਸਾਫ਼ ਦੀ ਮੰਗ ਕਰ ਰਹੀਆਂ ਪਹਿਲਵਾਨ ਧੀਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਘੜੀਸਿਆ ਜਾ ਰਿਹਾ ਸੀ ਉਸ ਦਿਨ ਦੇਸ਼ ਲਈ ਬਹੁਤ ਹੀ ਸ਼ਰਮ ਵਾਲਾ ਦਿਨ ਸੀ ਪੂਰੇ ਦੇਸ਼ ਵਾਸੀ ਭਾਜਪਾ ਦੇ ਇਸ ਔਰਤ ਅਤੇ ਖਿਡਾਰੀਆਂ ਵਿਰੋਧੀ ਅਤੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਵੱਈਏ ਦੇ ਖਿਲਾਫ ਅੱਜ ਸੰਘਰਸ਼ ਦੇ ਮੈਦਾਨ ਵਿਚ ਹਨ, ਜਦੋਂ ਤੱਕ ਦੋਸ਼ੀਆਂ ਨੂੰ ਜੇਲ ਨਹੀਂ ਭੇਜਿਆ ਜਾਂਦਾ ਅਤੇ ਪਹਿਲਵਾਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਲੋਕ ਉਨ੍ਹਾਂ ਦੀ ਪਿੱਠ ਤੇ ਖੜੇ ਹਨ। ਬੀਜੇਪੀ ਦਾ ਜ਼ੋਰਦਾਰ ਵਿਰੋਧ ਜਾਰੀ ਰੱਖਿਆ ਜਾਵੇਗਾ। ਇਸੇ ਕੜੀ ਤਹਿਤ ਅੱਜ ਬਲਾਕ ਧੂਰੀ, ਸੰਗਰੂਰ ਅਤੇ ਲੌਂਗੋਵਾਲ ਦੇ ਪਿੰਡਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਅੱਜ ਦੇ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਧੂਰੀ ਬਲਾਕ ਦੇ ਪ੍ਰਧਾਨ ਮੇਹਰ ਸਿੰਘ ਈਸਾਪੁਰ ਲੰਡਾ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਸਮੇਤ ਪੂਰੀ ਜ਼ਿਲ੍ਹਾ ਕਮੇਟੀ ਨੇ ਕੀਤੀ।