ਦਸੂਹਾ-ਹਾਜੀਪੁਰ ਸੜਕ ਦਾ ਨਾਮ ਹੋਇਆ ਜੱਸਾ ਸਿੰਘ ਰਾਮਗੜ੍ਹੀਆ ਮਾਰਗ
ਕੈਬਨਿਟ ਮੰਤਰੀ ਜਿੰਪਾ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਮੁੱਖ ਮੰਤਰੀ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆਂ ਦੇ 300ਵੇਂ ਜਨਮ ਦਿਵਸ ਮੌਕੇ ਕੀਤਾ ਸੀ ਐਲਾਨ
ਰਾਮਗੜ੍ਹੀਆ ਭਾਈਚਾਰੇ ’ਚ ਖੁਸ਼ੀ ਦੀ ਲਹਿਰ
ਹੁਸ਼ਿਆਰਪੁਰ, 05 ਜੂਨ 2023: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਦਸੂਹਾ-ਹਾਜੀਪੁਰ ਸੜਕ ਦਾ ਨਾਮ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਰੱਖਣ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 5 ਮਈ ਨੂੰ ਦਸੂਹਾ ਦੇ ਪਿੰਡ ਸਿੰਘਪੁਰ ਵਿਚ ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੀ ਅਮੀਰ ਵਿਰਾਸਤ ਸਬੰਧੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਦਸੂਹਾ-ਹਾਜੀਪੁਰ ਸੜਕ ਦਾ ਨਾਮ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਮ ’ਤੇ ਰੱਖਣ ਦਾ ਐਲਾਨ ਕੀਤਾ ਸੀ।
ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਮਗੜ੍ਹੀਆ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਦੇਸ਼ ਲਈ ਹਮੇਸ਼ਾ ਨਿਰਸਵਾਰਥ ਬਲੀਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨਾਂ ਨੇ ਸਾਨੂੰ ਜਬਰ-ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਹੈ ਅਤੇ ਸਰਦਾਰ ਜੱਸਾ ਸਿੰਘ ਵਰਗੇ ਯੋਧੇ ਨੇ ਮਹਾਨ ਗੁਰੂਆਂ ਦੇ ਦਰਸਾਏ ਮਾਰਗ ਉਪਰ ਪਹਿਰਾ ਦਿੱਤਾ।