ਭੰਗੜਾ ਕਲਾਕਾਰ ਜੱਗੀ ਯੂਕੇ ਦਾ ਫਰਿਜ਼ਨੋ ਵਿਖੇ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ), 7 ਜੂਨ, 2023:
ਇੰਗਲੈਂਡ ਦੇ ਸ਼ਹਿਰ ਇੰਨਫੀਲਡ ਵਸਦੇ ਉੱਘੇ ਭੰਗੜਾ ਕਲਾਕਾਰ ਜੂਗੀ ਯੂਕੇ ਅੱਜਕੱਲ ਆਪਣੇ ਕੈਲੀਫੋਰਨੀਆ ਫੇਰੀ ’ਤੇ ਹਨ। ਉਹਨਾਂ ਦੇ ਸਨਮਾਨ ਹਿੱਤ ਕਾਰੋਬਾਰੀ ਹਾਕਮ ਸਿੰਘ ਢਿਲੋ, ਉਹਨਾਂ ਦੇ ਭਤੀਜੇ ਦਵਿੰਦਰ ਢਿੱਲੋਂ ਅਤੇ ਕੁਲਵਿੰਦਰ ਢਿੱਲੋਂ ਨੇ ਇਕ ਸ਼ਾਨਦਾਰ ਸ਼ਾਮ ਦਾ ਆਯੋਜਨ ਆਪਣੇ ਢਿੱਲੋਂ ਫਾਰਮ ’ਤੇ ਕੀਤਾ, ਜਿੱਥੇ ਵੱਡੀ ਗਿਣਤੀ ਵਿੱਚ ਕਲਾਕਾਰਾਂ, ਸ਼ਾਇਰਾਂ, ਲੇਖਕਾਂ ਨੇ ਪਹੁੰਚਕੇ ਉਹਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਸਟੇਜ ਦੀ ਸ਼ੁਰੂਆਤ ਰਾਜ ਕਿਸ਼ਨਪੁਰਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਪੱਪੀ ਭਦੌੜ ਨੇ ਆਪਣੇ ਗੀਤ ਖ਼ਤਰਾ ਸਿੱਖੀ ਨੂੰ ਅਤੇ ਇੱਜ਼ਤ ਕਰੀ ਦੀ ਕਿਰਦਾਰ ਵੇਖਕੇ, ਗਾਕੇ ਸਭਨਾਂ ਦੀ ਵਾਹਵਾ ਖੱਟੀ। ਲੇਖਕ ਸੰਤੋਖ ਮਨਿਹਾਸ ਨੇ ਸਾਹਿਤਕ ਸ਼ਬਦਾਂ ਨਾਲ ਸਾਂਝ ਪਾਈ। ਸ਼ਾਇਰ ਰਣਜੀਤ ਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਗਾਇਕ ਗੁਰਦੀਪ ਕੁੱਸਾ ਨੇ ਆਪਣਾ ਗੀਤ ਜਿਹੜਾ ਫੜਿਆ ਗਿਆ, ਓਹੀ ਚੋਰ ਚੋਰ ਨਾਲ ਪੂਰੀ ਧਾਕ ਜਮਾਈ। ਗਾਇਕ ਗੋਗੀ ਸੰਧੂ ਨੇ ਸੱਭਿਆਚਾਰਕ ਅਤੇ ਲੋਕ ਗੀਤ ਗਾਕੇ ਆਪ ਮੁਹਾਰੇ ਤਾੜੀਆਂ ਵਜਵਾਈਆਂ। ਗਾਇਕ ਕਮਲਜੀਤ ਬੈਨੀਪਾਲ, ਅਨਮੋਲ, ਵਿੱਕੀ ਧਾਲੀਵਾਲ, ਅਮਰਜੀਤ ਨੇ ਸੰਗੀਤਕ ਮਹਿਫ਼ਲ ਨੂੰ ਆਪਣੀ ਗਾਇਕੀ ਨਾਲ ਹੋਰ ਚਾਰ ਚੰਨ ਲਾਏ। ਉਪਰੰਤ ਜੱਗੀ ਯੂਕੇ ਨੇ ਆਪਣੇ ਨਵੇਂ ਪੁਰਾਣ ਗੀਤਾਂ ਨਾਲ ਖੂਬ ਰੰਗ ਬੰਨਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜੱਗੀ ਯੂਕੇ ਜਿਹਨਾਂ ਨੇ 80 ਦੇ ਦਹਾਕੇ ਦੌਰਾਨ ਗੁਰੂ ਨਾਨਕ ਕਾਲਜ ਮੋਗਾ ਤੋਂ ਬੀ. ਏ. ਕੀਤੀ ਅਤੇ ਇਸੇ ਦੌਰਾਨ ਉਹਨਾਂ ਦਾ ਮੇਲ ਸਵ. ਮੇਜਰ ਸਿੰਘ ਢੋਲੀ ਨਾਲ ਹੋਇਆ ਅਤੇ ਇੱਥੋਂ ਫਿਰ ਸ਼ੁਰੂਆਤ ਹੋਈ ਜੱਗੀ ਯੂਕੇ ਦੇ ਭੰਗੜੇ ਦੇ ਸਫ਼ਰ ਦੀ। ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਉਹ ਇੰਗਲੈਡੀਏ ਬਣ ਗਏ, ਪਰ ਅੰਦਰ ਵਸੀ ਪੰਜਾਬੀਅਤ ਨੇ ਉਹਨਾਂ ਨੂੰ ਵਲੈਤ ਦੀ ਹਵਾ ਨਾ ਲੱਗਣ ਦਿੱਤੀ। 2016 ਵਿੱਚ ਪਤਨੀ ਦੇ ਦਿਹਾਂਤ ਤੋਂ ਬਾਅਦ ਗਾਇਕੀ ਵੱਲ ਨੂੰ ਮੋੜ ਕੱਟਿਆ ਤੇ ਓਦੋਂ ਗੀਤਾਂ ਨੂੰ ਹੀ ਆਪਣੇ ਯਾਰ ਬਣਾ ਲਿਆ। ਇਸ ਮੌਕੇ ਮੌਕੇ ਬਿੱਲੂ ਖੰਨਾ, ਗੁਰਚਰਨ ਸਿੰਘ ਗਿੱਲ, ਹਰਦੇਵ ਸਿੰਘ ਰਸੂਲਪੁਰ, ਮਾਸਟਰ ਸੁਲੱਖਣ ਸਿੰਘ, ਬਿੱਟੂ ਕੁੱਸਾ, ਮਹਿੰਦਰ ਸਿੰਘ ਹਠੂਰ, ਨਾਜਰ ਸਿੰਘ ਸਹੋਤਾ, ਸੁੱਖਾ ਗਿੱਲ, ਅਵਤਾਰ ਗੁਦਾਰਾ, ਭਰਪੂਰ ਬਰਾੜ, ਧਰਮਿੰਦਰ ਚੜਿੱਕ, ਸ਼ੋਕੀ ਢੋਲੀ, ਥਾਣੇਦਾਰ ਗੁਰਮੇਲ ਸਿੰਘ, ਜਸਪਾਲ ਸਿੰਘ ਬਿਲਾਸਪੁਰ ਆਦਿ ਵਰਗੇ ਸੱਜਣ ਮਜੂਦ ਰਹੇ। ਅਖੀਰ ਮੋਗਾ ਮੀਟ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿੱਬੜਿਆ।