ਜੀ.ਟੀ.ਰੋਡ ਟੂ ਚਾਵਾ-ਸਮਰਾਲਾ ਵਾਇਆ ਰੂਪਾ, ਬਗਲੀ, ਦਹੇੜੂ ਸੜਕ ਨੂੰ ਮਜ਼ਬੂਤ ਕਰਾਂਗੇ: ਈ.ਟੀ.ਓ.
ਚੰਡੀਗੜ੍ਹ, 7 ਜੂਨ 2023 - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਜੀ.ਟੀ.ਰੋਡ ਟੂ ਚਾਵਾ-ਸਮਰਾਲਾ ਵਾਇਆ ਰੂਪਾ, ਬਗਲੀ, ਦਹੇੜੂ ਸੜਕ ਨੂੰ ਮਜ਼ਬੂਤ ਕੀਤਾ ਜਾਵੇਗਾ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਲਕਾ ਖੰਨਾ ਅਤੇ ਸਮਰਾਲਾ ਦੀ ਬਹੁਤ ਹੀ ਮਹੱਤਵਪੂਰਨ ਤੇ ਵੱਧ ਆਵਾਜਾਈ ਵਾਲੀ ਸੜਕ ਹੈ ਅਤੇ ਹਲਕਾ ਖੰਨਾ ਨੂੰ ਹਲਕਾ ਸਮਰਾਲਾ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਇਸ ਸੜਕ ਨੂੰ 481.15 ਲੱਖ ਰੁਪਏ ਅਨੁਮਾਨਿਤ ਲਾਗਤ ਨਾਲ ਮਜ਼ਬੂਤ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ ਕੁੱਲ ਲੰਬਾਈ 4.40 ਕਿਲੋਮੀਟਰ ਅਤੇ ਚੌੜਾਈ 5.50 ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਜੀ.ਟੀ.ਰੋਡ (ਐਨ.ਐਚ-44) ਅਤੇ ਚਾਵਾ-ਸਮਰਾਲਾ ਸੜਕ (ਓ.ਡੀ.ਆਰ-56) ਨੂੰ ਆਪਸ ਵਿੱਚ ਜੋੜਦੀ ਹੈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਸੜਕ ਪੰਜਾਬ ਸਰਕਾਰ ਦੀ 5054 ਆਰ.ਬੀ-10 ਸਕੀਮ ਅਧੀਨ ਮਨਜ਼ੂਰ ਹੋ ਚੁੱਕੀ ਹੈ ਅਤੇ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ 5 ਸਾਲਾ ਦਾ ਰੱਖ ਰਖਾਅ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟੈਂਡਰ ਅਲਾਟ ਕਰਨ ਉਪਰੰਤ ਇਹ ਪ੍ਰਾਜੈਕਟ 6 ਮਹੀਨਿਆ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਦਰੁਸਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਪੇਂਡੂ ਸੜਕਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੜਕਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ।