ਮੋਗਾ ਪੁਲਿਸ ਵੱਲੋ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ
- ਜਗਰਾਓਂ ਨਾਲ ਸੰਬੰਧਤ ਹਨ ਇਹ ਦੋਵੇਂ ਗੈਂਗਸਟਰ
ਦੀਪਕ ਜੈਨ
ਮੋਗਾ/ਜਗਰਾਓਂ, 8 ਜੂਨ 2023 - ਮੋਗਾ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਗੋਲਡੀ ਬਰਾੜ ਗੈਂਗ ਦੇ 2 ਗੈਂਗਸਟਰ ਫੜੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਜੇ.ਇਲਨਚੇਲਿਯਨ ਨੇ ਦਸਿਆ ਕਿ ਸੀ ਆਈ ਏ ਸਟਾਫ ਮਹਿਣਾ ਦੀ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਗੁਲਸ਼ਨ ਕੁਮਾਰ ਉਰਫ ਸ਼ੇਰੂ ਪੁੱਤਰ ਦੇਸਰਾਜ ਵਾਸੀ ਜਗਰਾਓਂ ਅਤੇ ਦਿਲਪ੍ਰੀਤ ਸਿੰਘ ਉਰਫ ਗੋਲੂ ਵਾਸੀ ਕਾਉਂਕੇ ਕਲਾਂ ਜਗਰਾਓਂ ਜਿੰਨਾ ਕੋਲ ਨਜਾਇਜ ਅਸਲੇ ਹਨ ਅਤੇ ਉਹ ਗੈਂਗਸਟਰਾਂ ਨਾਲ ਵੀ ਸੰਬੰਧ ਰੱਖਦੇ ਹਨ ਅਤੇ ਇਹ ਦੋਵੇਂ ਗੈਂਗਸਟਰਾਂ ਦੇ ਕਹਿਣ ਤੇ ਗੈਂਗ ਦੇ ਵਿਅਕਤੀਆਂ ਨੂੰ ਅਸਲ ਵੀ ਸਪਲਾਈ ਕਰਦੇ ਹਨ। ਅੱਜ ਇਹ ਦੋਵੇਂ ਗੈਂਗਸਟਰ ਮੋਗਾ ਵਿਖੇ ਆਏ ਹਨ ਅਤੇ ਓਨਾ ਨੇ ਤਲਵੰਡੀ ਭੰਗੇਰੀਆਂ ਹੁੰਦੇ ਹੋਏ ਜਗਰਾਓਂ ਜਾਣਾ ਹੈ।
ਐਸਐਸਪੀ ਜੇ ਇਲੈਨਚੇਲੀਅਨ ਨੇ ਦਸਿਆ ਕਿ ਪੁਲਿਸ ਵਲੋਂ ਗੁਲਸ਼ਨ ਅਤੇ ਦਿਲਪ੍ਰੀਤ ਸਿੰਘ ਨੂੰ ਨਾਕਾਬੰਦੀ ਕਰਕੇ ਗਿਰਫ਼ਤਾਰ ਕਰਕੇ ਓਨਾ ਪਾਸੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ, 4 ਰੋਂਦ ਜਿੰਦਾ ਬਰਾਮਦ ਕੀਤੇ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਲਸ਼ਨ ਕੁਮਾਰ ਉੱਪਰ ਪਹਿਲਾਂ ਵੀ 13 ਮੁਕਦਮੇ ਦਰਜ ਹਨ ਅਤੇ ਦਿਲਪ੍ਰੀਤ ਸਿੰਘ ਖਿਲਾਫ 6 ਮੁਕਦਮੇ ਦਰਜ ਹਨ। ਗੁਲਸ਼ਨ ਕੁਮਾਰ ਥਾਣਾ ਬੱਧਨੀ ਕਲਾਂ ਦਾ ਭਗੌੜਾ ਵੀ ਹੈ। ਐਸਐਸਪੀ ਨੇ ਦਸਿਆ ਕਿ ਦੋਸ਼ੀ ਦਿਲਪ੍ਰੀਤ ਸਿੰਘ ਨੇ ਮੰਨਿਆ ਹੈ ਕਿ ਉਸਦੀ ਲਵਲੀ ਵਾਸੀ ਸੰਦੌੜ ਨਾਲ ਦੋਸਤੀ ਸੀ ਜੋਕਿ ਸ਼ਰਾਬ ਵੇਚਣ ਦਾ ਧੰਧਾ ਕਰਦੀ ਸੀ ਅਤੇ ਉਸਨੇ ਹੀ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਮਲਕੀਤ ਸਿੰਘ ਕੀਤਾ ਅਤੇ ਹਰਪ੍ਰੀਤ ਸਿੰਘ ਉਰਫ਼ ਮਮਾ ਨਾਲ ਮੁਲਾਕਾਤ ਕਰਵਾਈ ਸੀ ਜਿਨ੍ਹਾਂ ਦੇ ਕਹਿਣ ਤੇ ਅਸੀਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਵਲੀ ਨੇ ਹੀ ਦਿਲਪ੍ਰੀਤ ਸਿੰਘ ਨੂੰ ਮਲਕੀਤ ਕੀਤਾ ਅਤੇ ਹਰਪ੍ਰੀਤ ਮਮਾ ਤੋਂ ਇਕ ਪਿਸਟਲ 32 ਬੋਰ ਲੈਕੇ ਦਿੱਤਾ ਸੀ। ਕੁਝ ਸਮਾਂ ਪਹਿਲਾਂ ਪੁਲਿਸ ਵਲੋਂ ਮਲਕੀਤ ਸਿੰਘ ਕੀਤਾ ਅਤੇ ਹਰਪ੍ਰੀਤ ਸਿੰਘ ਉਰਫ ਮੱਮਾ ਨੂੰ ਗਿਰਫ਼ਤਾਰ ਕੀਤਾ ਸੀ ਅਤੇ ਓਨਾ ਪਾਸੋਂ ਤਫਤੀਸ਼ ਦੌਰਾਨ ਪੁਲਿਸ ਨੇ ਦਿਲਪ੍ਰੀਤ ਸਿੰਘ ਪਾਸੋਂ ਇਹ ਪਿਸਤਲ ਬਰਾਮਦ ਕੀਤਾ ਸੀ। ਲਵਲੀ ਵੀ ਅਜੇ ਪਟਿਆਲਾ ਜੇਲ ਵਿਚ ਬੰਦ ਹੈ। ਐਸਐਸਪੀ ਜੇ ਇਲੈਨਚੇਲੀਅਨ ਨੇ ਦਸਿਆ ਕਿ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੰਨਾ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।