ਸਟੱਡੀ ਸਰਕਲ ਵਲੋਂ ਗਿਆਨ ਅੰਜੁਨ ਸਮਰ ਸਕੂਲ ਕੈਂਪ ’ਚ ਦੋ ਸੋ ਬੱਚਿਆਂ ਨੇ ਲਿਆ ਭਾਗ
ਦੀਪਕ ਗਰਗ
ਕੋਟਕਪੂਰਾ, 8 ਜੂਨ 2023:- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਖੇਤਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਦੀ ਸਖਸ਼ੀਅਤ ਉਸਾਰੀ ਲਈ 20 ਦਿਨਾਂ ਗਿਆਨ ਅੰਜੁਨ ਸਮਰ ਸਕੂਲ ਕੈਂਪ 1 ਜੂਨ ਤੋਂ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਕੋਤਵਾਲੀ ਫ਼ਰੀਦਕੋਟ ਵਿਖੇ ਲਾਇਆ ਜਾ ਰਿਹਾ ਹੈ। ਇਸ ਕੈਂਪ ’ਚ ਵੱਖ ਵੱਖ ਸਕੂਲਾਂ ਦੇ ਕੋਈ 200 ਬੱਚਿਆਂ ਵਲੋਂ ਭਾਗ ਲਿਆ ਜਾ ਰਿਹਾ ਹੈ। ਸ਼ਾਮ ਨੂੰ 5 ਤੋਂ 7 ਵਜੇ ਤੱਕ ਚੱਲਣ ਵਾਲੇ ਇਸ ਕੈਂਪ ’ਚ ਬੱਚਿਆਂ ’ਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਅਤੇ ਅਮੀਰ ਖਾਲਸਾਈ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸਟੱਡੀ ਸਰਕਲ ਦੇ ਖੇਤਰੀ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨੂੰ ਦਸਤਾਰ ਸਿਖਲਾਈ, ਕਵਿਤਾ ਉਚਾਰਨ, ਵਿਰਾਸਤੀ ਤੰਬੋਲਾ, ਸੁੰਦਰ ਲਿਖਾਈ ਮੁਕਾਬਲੇ, ਖਾਲਸਾਈ ਡਰੈਸ, ਪ੍ਰਸ਼ਨੋ-ਉੱਤਰੀ, ਪੇਂਟਿੰਗ ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂੲ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਲਾਈਡਾਂ ਅਤੇ ਵੀਡੀਓ ਰਾਹੀਂ ਅਮੀਰ ਅਤੇ ਗੌਰਵਮਈ ਖਾਲਸਾਈ ਵਿਰਾਸਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਇਸ ਕੈਂਪ ਲਈ ਬਹੁਤ ਰੂਚੀ ਦਿਖਾਈ ਜਾਂਦੀ ਹੈ ਅਤੇ ਵਿਧਵਾਨਾਂ ਵਲੋਂ ਉੱਚਾ-ਸੁੱਚਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੈਂਪ ਦੇ ਆਖਰੀ ਦਿਨ 20 ਜੂਨ ਨੂੰ ਧਾਰਮਿਕ ਸਥਾਨਾਂ ਦਾ ਇਕ ਵਿੱਦਿਆ ਟੂਰ ਵੀ ਲਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ’ਚ ਹਿੱਸਾ ਲੈਣ ਲਈ ਹੁਣ ਵੀ ਬੱਚੇ ਆ ਸਕਦੇ ਹਨ। ਇਸ ਕੈਂਪ ਨੂੰ ਸਫਲਤਾਪੂਰਵਕ ਚਲਾਉਣ ਲਈ ਬੀਰ ਸਿੰਘ ਖੇਤਰੀ ਪ੍ਰਧਾਨ, ਅੱਛਰ ਸਿੰਘ, ਤੇਜਿੰਦਰ ਕੌਰ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ ਰੋੜੀਕਪੂਰਾ, ਪਵਨਦੀਪ ਕੌਰ, ਸਿਮਰਨਜੀਤ ਕੌਰ, ਹਰਜੀਤ ਸਿੰਘ, ਸਤਵਿੰਦਰ ਸਿੰਘ ਅਹਿਮ ਯੋਗਦਾਨ ਹੈ।