ਆਪਣਾ ਪੰਜਾਬ ਫਾਊਂਡੇਸ਼ਨ ਨੇ ਜਗਜੀਤ ਸਿੰਘ ਦਰਦੀ ਨੂੰ ਦੁਬਈ ਵਿੱਚ ‘ਗਲੋਬਲ ਪ੍ਰਾਈਡ ਐਵਾਰਡ’ ਨਾਲ ਕੀਤਾ ਸਨਮਾਨਤ
- ਸਿੱਖਿਆ ਜਗਤ ’ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਸਰਦਾਰਨੀ ਜਸਵਿੰਦਰ ਕੌਰ ਦਰਦੀ ਨੂੰ ‘ਗਲੋਬਲ ਪ੍ਰੈਸਟੀਜ ਐਵਾਰਡ’ ਮਿਲਿਆ
ਜਗਤਾਰ ਸਿੰਘ
ਪਟਿਆਲਾ, 8 ਜੂਨ 2023 : ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀ ਹੈ, ਵੱਲੋਂ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਦੀ ਸਰਪ੍ਰਸਤੀ ਹੇਠ ਦੁਬਈ ਵਿਖੇ ਇੱਕ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੌਰਾਨ ਮੀਡੀਆ ਜਗਤ ਦੀ ਪ੍ਰਸਿੱਧ ਨਾਮੀ ਸ਼ਖ਼ਸੀਅਤ ਅਤੇ ‘ਪਦਮ ਸ਼੍ਰੀ’ ਸ੍ਰ. ਜਗਜੀਤ ਸਿੰਘ ਦਰਦੀ ਨੂੰ ‘ਗਲੋਬਲ ਪ੍ਰਾਈਡ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਜਦੋਂ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਰਾਹੀਂ ਕਰੀਬ ਅੱਧੀ ਸਦੀ ਤੋਂ ਦਿੱਤੀ ਜਾ ਰਹੀ ਸਿੱਖਿਆ ਅਤੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਕੀਤੀਆਂ ਗਈਆਂ ਸੇਵਾਵਾਂ ਸਮੇਤ ਸਿੱਖਿਆ ਜਗਤ ’ਚ ਦਿੱਤੇ ਜਾ ਰਹੇ ਵਿਸ਼ੇਸ਼ ਯੋਗਦਾਨ ਬਦਲੇ ਸਰਦਾਰਨੀ ਜਸਵਿੰਦਰ ਕੌਰ ਦਰਦੀ ਨੂੰ ‘ਗਲੋਬਲ ਪ੍ਰੈਸਟੀਜ ਐਵਾਰਡ ਦਿੱਤਾ ਗਿਆ।
ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਡਾਇਰੈਕਟਰ ਅਨਿਲ ਮਿੱਤਲ, ਸੰਜੈ ਗੁਪਤਾ, ਭੁਪਿੰਦਰ ਸਿੰਘ, ਯੋਹਾਨਲ ਮੈਥਿਊ ਅਤੇ ਸੰਜੀਵ ਸੈਣੀ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਭਾਰਤ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਯੂ.ਐਸ.ਏ., ਡੁਬਈ ਅਤੇ ਹੋਰ ਵੱਖ ਵੱਖ ਦੇਸ਼ਾਂ ਤੋਂ ਡੈਲੀਗੇਟ ਸ਼ਾਮਲ ਹੋਏ। ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ। ਇਸ ਸੰਮੇਲਨ ਵਿੱਚ ਸਹਿਯੋਗੀ ਰਹੀ।ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪੰਜਾਬ ਫਾਊਂਡੇਸ਼ਨ ਸਾਰੀ ਦੁਨੀਆਂ ’ਚ ਪੰਜਾਬ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਕਤੂਬਰ ਵਿੱਚ ਜੋ ਦੁਬਈ ਵਿਖੇ ਸ੍ਰ. ਸੁਰਿੰਦਰ ਸਿੰਘ ਕੰਧਾਰੀ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੀ ਅਗਵਾਈ ਹੇਠ ਸਿੱਖ ਸੰਮੇਲਨ ਹੋ ਰਿਹਾ ਹੈ ਉਸ ਸੰਮੇਲਨ ਦੀ ਸਫਲਤਾ ਲਈ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਯੋਗਦਾਨ ਪਾਉਣ ’ਤੇ ਖੁਸ਼ੀ ਪ੍ਰਗਟ ਕੀਤੀ। ਇਸ ਸੰਮੇਲਨ ਵਿੱਚ ਦੁਬਈ ਦੇ ਰਾਸ਼ਟਰਪਤੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸਿੱਖ ਸ਼ਖ਼ਸੀਅਤਾਂ ਜੋ ਉਦਯੋਗ, ਵਪਾਰ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਚਮਕਾ ਚੁੱਕੀਆਂ ਹਨ, ਇਕੱਠੇ ਹੋ ਰਹੇ ਹਨ। ਸ੍ਰ. ਜਗਜੀਤ ਸਿੰਘ ਦਰਦੀ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਸਮੂਹ ਆਯੋਜਕਾਂ ਨੂੰ ਮੁਬਾਰਕਬਾਦ ਦਿੱਤੀ।
ਇਹ ਸੰਮੇਲਨ 21ਵੀਂ ਸਦੀ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਦੇ ਵਿਸ਼ੇ ਨੂੰ ਲੈ ਕੇ ਵੱਖ-ਵੱਖ ਸਪੀਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸ਼ੇਖ ਸੁਲਤਾਨ ਬਿਨ ਨਾਸਿਰ ਬਿਨ ਹੁਮੈਦ ਰਾਸ਼ੀਦ ਅਲਨੂਆਮੀ, ਇਨਵੈਸਟਮੈਂਟ, ਐਲ.ਐਲ.ਸੀ. ਡੁਬਈ, ਸ਼੍ਰੀ ਜਤਿੰਦਰ ਵੈਦਿਯਾ, ਪ੍ਰਧਾਨ, ਇੰਡੀਅਨ ਪਿਊਪਲਜ਼ ਫੋਰਮ, ਯੂ.ਏ.ਈ., ਸ. ਸੁਰਿੰਦਰ ਸਿੰਘ ਕੰਧਾਰੀ, ਚੇਅਰਮੈਨ, ਗੁਰੂ ਨਾਨਕ ਦਰਬਾਰ, ਗੁਰਦੁਆਰਾ ਅਤੇ ਚੇਅਰਮੈਨ ਐਲਡੋਬੋਵੀ ਗਰੁੱਪ ਵਿਸ਼ੇਸ਼ ਮਹਿਮਾਨ ਦੇ ਤੌਰ ਸ਼ਾਮਲ ਹੋਏ। ਡਾ. ਜਗਜੀਤ ਸਿੰਘ ਧੂਰੀ ਨੇ ਇਸ ਸੰਮੇਲਨ ਦੇ ਕੀ—ਨੋਟਸ ਦੇ ਸਪੀਕਰ ਵਜੋਂ ਰੋਲ ਨਿਭਾਇਆ ਅਤੇ ਉਹਨਾਂ ਵੱਲੋਂ ਭਵਿੱਖ ਲਈ ਐਜੂਕੇਸ਼ਨਲ ਰੋਡ ਮੈਪ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਸੰਸਥਾਵਾਂ ਨੂੰ ਆਊਟ—ਕਮ ਬੇਸਿਸ ਐਜੂਕੇਸ਼ਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਆਈ.ਡੀ. ਫਾਊਂਡੇਸ਼ਨ ਦੇ ਚੀਫ ਪੈਟਰਨ ਸ. ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਐਨ.ਆਈ.ਡੀ. ਫਾਊਂਡੇਸ਼ਨ ਵੱਲੋਂ 29 ਐਜੂਪਨਿਓਰਜ਼ ਨੂੰ ਉਹਨਾਂ ਦੇ ਸਿੱਖਿਆ ਜਗਤ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਗਲੋਬਲ ਪ੍ਰੈਸਟੀਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ 53 ਐਜੂਪਨਿਓਰਜ਼ ਅਤੇ ਐਜੂਕੇਟਰਸ ਨੂੰ ਸਿੱਖਿਆ ਸੰਮੇਲਨ ਵਿੱਚ ਉਚੇਚੇ ਤੌਰ ਤੇ ਭਾਗ ਲੈਂਦੇ ਹੋਏ ਸੰਮੇਲਨ ਵਿੱਚ ਆਪਣਾ ਯੋਗਦਾਨ ਪਾਉਣ ਬਦਲੇ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਾਊਂਡੇਸ਼ਨ ਦੇ ਡਾਇਰੈਕਟਰਜ਼ ਨੂੰ ਇਸ ਸੰਮੇਲਨ ਨੂੰ ਕਰਵਾਉਣ ਵਿੱਚ ਸਹਾਇਤਾ ਵਜੋਂ 6 ਗ੍ਰੈਟੀਫਿਕੇਸ਼ਨ ਐਵਾਰਡ ਦਿੱਤੇ ਗਏ। ਇਸ ਸਿੱਖਿਆ ਸੰਮੇਲਨ ਦੌਰਾਨ ਤਿਆਰ ਕੀਤੇ ਗਏ ਐਜੂਕੇਸ਼ਨਲ ਰੋਡ ਮੈਪ ਨੂੰ ਪੰਜਾਬ ਦੀਆਂ ਸੰਸਥਾਵਾਂ ਵਿੱਚ ਲਾਗੂ ਕੀਤਾ ਜਾਵੇਗਾ।