ਧਾਲੀਵਾਲ ਨੇ ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਮੁੱਦੇ ਦੇ ਹੱਲ ਲਈ ਭਾਰਤ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਲਿਖਿਆ
ਚੰਡੀਗੜ੍ਹ, 9 ਜੂਨ 2023 - ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਦੇ ਹਾਈ ਕਮਿਸ਼ਨ (ਓਟਾਵਾ, ਓਂਟਾਰਿਓ) ਦੇ ਹਾਈ ਕਮਿਸ਼ਨਰ ਸ੍ਰੀ ਸੰਜੇ ਕੁਮਾਰ ਵਰਮਾ ਅਤੇ ਕੈਨੇਡਾ ਦੇ ਹਾਈ ਕਮਿਸ਼ਨ (ਦੱਖਣੀ ਪੱਛਮੀ ਦਿੱਲੀ) ਦੇ ਹਾਈ ਕਮਿਸ਼ਨਰ ਸ੍ਰੀ ਕੈਮਰਨ ਮੈਕੇ ਨੂੰ ਪੱਤਰ ਲਿਖ ਕੇ ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਤਕਰੀਬਨ 700 ਵਿਦਿਆਰਥੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸ਼ਾਮਲ ਹਨ, ਦੇ ਮਸਲੇ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਹੈ।
ਧਾਲੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਮੈਂ ਤੁਹਾਡਾ ਧਿਆਨ ਕੈਨੇਡਾ ਦੇ ਕਾਲਜਾਂ ਦੇ ਫ਼ਰਜ਼ੀ ਅਕਸੈਪਟੈਂਸ ਲੈਟਰਜ਼ ਕਰਕੇ 700 ਤੋਂ ਵੱਧ ਵਿਦਿਆਰਥੀਆਂ ਦੀ ਕੈਨੇਡਾ ਤੋਂ ਡਿਪੋਰਟੇਸ਼ਨ ਵੱਲ ਦਿਵਾਉਣਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਕਿ ਇਹ ਵਿਦਿਆਰਥੀ ਬੇਕਸੂਰ ਹਨ ਅਤੇ ਧੋਖੇਬਾਜ਼ਾਂ ਦੇ ਟੋਲੇ, ਜਿਨ੍ਹਾਂ ਵਿੱਚ ਟਰੈਵਲ ਏਜੰਟ, ਭਾਰਤ ਵਿੱਚ ਕੈਨੇਡੀਅਨ ਅੰਬੈਸੀ ਅਤੇ ਕੈਨੇਡਾ ਵਿੱਚ ਹੋਰ ਏਜੰਸੀਆਂ ਦੇ ਕਰਮਚਾਰੀ ਸ਼ਾਮਲ ਹਨ, ਦੁਆਰਾ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਧੋਖਾ ਕੀਤਾ ਗਿਆ ਹੈ ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਜੇਕਰ ਮਾਮਲੇ ਨੂੰ ਨਿੱਜੀ ਤੌਰ ’ਤੇ ਵਿਚਾਰਿਆ ਜਾਵੇ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਤੁਹਾਨੂੰ ਇਹ ਮੁੱਦਾ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨਾਲ ਸਬੰਧਤ ਏਜੰਸੀਆਂ ਅਤੇ ਕੈਨੇਡਾ ਦੀ ਸਰਕਾਰ ਕੋਲ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਤੋਂ ਬਚਾਇਆ ਜਾ ਸਕੇ।