ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਝਾਕੀ ਕੱਢਣ ਵਾਲੇ ਕੈਨੇਡੀਅਨ ਸਿੱਖਾਂ ਦੇ ਸਮਰਥਨ ਵਿੱਚ ਆਇਆ ਦਲ ਖਾਲਸਾ
ਅੰਮ੍ਰਿਤਸਰ, 10 ਜੂਨ, 2023: ਕੈਨੇਡਾ ਦੇ ਬਰੈਂਪਟਨ ਸੂਬੇ ਵਿੱਚ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਕਰਵਾਈ ਪਰੇਡ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਝਾਕੀ ਕੱਢਣ ਵਾਲੇ ਕੈਨੇਡੀਅਨ ਸਿੱਖਾਂ ਦੇ ਸਮਰਥਨ ਵਿੱਚ ਦਲ ਖਾਲਸਾ ਸਾਹਮਣੇ ਆਇਆ ਹੈ।
ਕੈਨੇਡਾ ਵੱਲੋਂ ਸਿੱਖਾਂ ਨੂੰ ਫਲੋਟ ਲਿਜਾਣ ਦੀ ਇਜਾਜ਼ਤ ਦੇਣ 'ਤੇ ਭਾਰਤ ਦੀ ਪ੍ਰਤੀਕਿਰਿਆ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਝਾਂਕੀ 'ਤੇ ਦਿਖਾਇਆ ਗਿਆ ਦ੍ਰਿਸ਼ ਇੱਕ ਇਤਿਹਾਸਕ ਤੱਥ ਹੈ, ਇਹ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਹੈ, ਬਲਕਿ ਸਿੱਖ ਇਤਿਹਾਸ ਦਾ ਗੌਰਵਮਈ ਹਿੱਸਾ ਹੈ।
ਅਸੀਂ, ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ (ਦੋਵਾਂ ਨੂੰ ਅਕਾਲ ਤਖਤ ਦੁਆਰਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ) 'ਤੇ ਮਾਣ ਕਰਦੇ ਹਾਂ, ਜਿਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਗਾਂਧੀ ਨੂੰ ‘ਸਜ਼ਾ’ ਦੇ ਕੇ ਦਰਬਾਰ ਸਾਹਿਬ 'ਤੇ ਵਿਉਂਤੇ ਫੌਜੀ ਹਮਲੇ ਦਾ ਬਦਲਾ ਲਿਆ।
ਉਨ੍ਹਾਂ ਕਿਹਾ ਕਿ ਸਾਨੂੰ ਝਾਂਕੀ 'ਤੇ ਭਾਰਤ ਸਰਕਾਰ ਦੇ ਇਤਰਾਜ਼ਾਂ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਭਾਰਤ ਦੇ ਸਿੱਖਾਂ ਉਤੇ ਉਕਸਾਉਣ ਦੇ ਦੋਸ਼ ਨਿਰਾਧਾਰ ਅਤੇ ਬੇਤੁਕੇ ਹਨ। ਉਹਨਾਂ ਕਿਹਾ ਕਿ, ਵਿਦੇਸ਼ਾਂ ਵਿੱਚ ਵਸਦੇ ਸਿੱਖ ਅਵਾਮ ਨੇ ਹਮੇਸ਼ਾ ਹੀ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਜਮਹੂਰੀ ਢੰਗ ਨਾਲ ਪ੍ਰਗਟਾਇਆ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਖਾਲਿਸਤਾਨ ਦੇ ਟੀਚੇ ਦਾ ਸਮਰਥਨ ਕਰਨ ਵਾਲੇ ਸਿੱਖਾਂ ਨੂੰ ਰਾਜਨੀਤਿਕ ਸਰਗਰਮੀਆਂ ਲਈ ਜਗ੍ਹਾ ਮੁਹੱਈਆ ਕਰਨ 'ਤੇ ਕੈਨੇਡਾ ਨੂੰ ਸੂਖਮ ਚੇਤਾਵਨੀ ਜਾਰੀ ਕਰਨ ਬਾਰੇ, ਦਲ ਖਾਲਸਾ ਆਗੂ ਨੇ ਕਿਹਾ ਕਿ ਭਾਰਤੀ ਹੁਕਮਰਾਨਾਂ ਦੀ ਪੱਛਮੀ ਦੁਨੀਆਂ ਅੱਗੇ ਖਾਲਿਸਤਾਨੀਆਂ ਦੀ ਸ਼ਿਕਾਇਤ ਕਰਨ ਦੀ ਆਦਤ ਬਣ ਗਈ ਹੈ।
ਆਪਣੀ ਗੱਲ ਦੀ ਪ੍ਰੋੜਤਾ ਲਈ, ਉਨ੍ਹਾਂ ਕਿਹਾ ਕਿ ਸਦੀਆਂ ਤੋਂ ਹਿੰਦੂ ਸਮਾਜ ਭਗਵਾਨ ਰਾਮ ਦੁਆਰਾ ਰਾਵਣ ਦੇ ਕਤਲ ਦਾ ਜਸ਼ਨ ਮਨਾਉਂਦਾ ਆ ਰਿਹਾ ਹੈ। ਹਰ ਸਾਲ ਦੁਸਹਿਰੇ 'ਤੇ ਹਿੰਦੂ ਵੀਰ ਰਾਵਣ ਦੇ ਪੁਤਲੇ ਫੂਕਦੇ ਹਨ ਅਤੇ ਅਜਿਹੀਆਂ ਤਸਵੀਰਾਂ ਸਾਰੇ ਟੀਵੀ ਚੈਨਲਾਂ 'ਤੇ ਦਿਖਾਈਆਂ ਜਾਂਦੀਆਂ ਹਨ। ਉਹਨਾਂ ਸਵਾਲ ਕੀਤਾ ਕਿ ਜੇਕਰ ਭਗਵਾਨ ਰਾਮ ਦੁਆਰਾ ਰਾਵਣ ਦਾ ਕਤਲ ਭਾਰਤੀ ਸਮਾਜ ਨੂੰ ਪ੍ਰਵਾਨ ਹੈ ਤਾਂ ਸਿੱਖਾਂ ਵਲੋ ਇੰਦਰਾ ਦੇ 'ਗੁਨਾਹਾਂ' ਲਈ ਉਸਨੂੰ ਸਜ਼ਾ ਦੇਣ ਵਾਲੇ ਫਲੋਟ 'ਤੇ ਰੌਲਾ ਕਿਉਂ ਪਾਇਆ ਜਾ ਰਿਹਾ ਹੈ?
ਕੰਵਰਪਾਲ ਸਿੰਘ ਨੇ ਕਿਹਾ ਕਿ ਹਿੰਦੂਆਂ ਦੀਆਂ ਨਜ਼ਰਾਂ ਵਿੱਚ ਜੋ ਰਾਵਣ ਦਾ ਦਰਜਾ ਹੈ, ਸਿੱਖਾਂ ਦੀਆਂ ਨਜ਼ਰਾਂ ਵਿੱਚ ਉਹੀ ਇੰਦਰਾ ਦਾ ਹੈ।