← ਪਿਛੇ ਪਰਤੋ
ਮਨੁੱਖਤਾ ਦੇ ਨਾਲ ਨਾਲ ਜ਼ਹਿਰੀਲੇ ਸੱਪਾਂ ਦੀ ਜ਼ਿੰਦਗੀ ਬਚਾ ਰਿਹੈ ਬਲਦੇਵ ਰਾਜ
ਅਸ਼ੋਕ ਵਰਮਾ
ਗੋਨਿਆਣਾ 10 ਜੂਨ 2023: ਅਗਰ ਤੁਸੀਂ ਗੋਨਿਆਣਾ ਸ਼ਹਿਰ ਦੇ ਆਸ ਪਾਸ ਦੇ ਇਲਾਕੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਘਰ ਜਾਂ ਨੇੜੇ-ਤੇੜੇ ਤੁਹਾਨੂੰ ਕੋਈ ਸੱਪ ਜਾਂ ਜ਼ਹਿਰੀਲਾ ਜਾਨਵਰ ਨਜ਼ਰ ਆਉਂਦਾ ਹੈ ਤਾਂ ਨਾ ਤਾਂ ਤੁਹਾਨੂੰ ਇਸਤੋਂ ਡਰਨ ਦੀ ਜ਼ਰੂਰਤ ਹੈ ਅਤੇ ਨਾ ਹੀ ਇਸ ਨੂੰ ਮਾਰਨ ਦੀ। ਤੁਸੀਂ ਸਿਰਫ ਮੋਬਾਇਲ ਨੰਬਰ 9888459667 ਤੇ ਇਸਦੀ ਸੂਚਨਾ ਦੇਣੀ ਹੈ । ਤੁਹਾਡੀ ਕੀਤੀ ਫੋਨ ਕਾਲ ਨਾਲ ਇਸ ਤਰ੍ਹਾਂ ਦੇ ਜਹਿਰੀਲੇ ਜਾਨਵਰ ਨੂੰ ਸੁਰੱਖਿਅਤ ਫੜ ਕੇ ਤੁਹਾਡੀ ਸਮੱਸਿਆ ਤਾਂ ਦੂਰ ਹੋਵੇਗੀ ਹੀ ਨਾਲ ਹੀ ਤੁਸੀਂ ਇੱਕ ਜਾਨਵਰ ਨੂੰ ਮਾਰਨ ਦੇ ਪਾਪ ਤੋਂ ਵੀ ਬਚ ਜਾਵੋਗੇ । ਸ਼ਹਿਰ ਦੀ ਓਮੈਕਸ ਸਿਟੀ ਕਲੋਨੀ ਨਿਵਾਸੀ ਬਲਦੇਵ ਰਾਜ ਇੰਸਾਂ ਪਿਛਲੇ ਲੰਮੇ ਤੋਂ ਘਰਾਂ ਵਿੱਚ ਵੜੇ ਅਜਿਹੇ ਜਹਿਰੀਲੇ ਜਾਨਵਰਾਂ ਨੂੰ ਫੜ ਕੇ ਦੂਰ ਦੁਰੇਡੇ ਜੰਗਲਾਤ ਏਰੀਏ ਵਿੱਚ ਛੱਡਣ ਦੀ ਸੇਵਾ ਕਰ ਰਹੇ ਹਨ। ਬਲਦੇਵ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਦਰਜਨਾਂ ਸੱਪਾਂ ਜਿੰਨ੍ਹਾਂ ਵਿੱਚ ਕੋਬਰਾ ਵਰਗੇ ਜਹਿਰੀਲੇ ਸੱਪ ਵੀ ਸ਼ਾਮਿਲ ਹਨ ਦੇ ਨਾਲ ਨਾਲ ਗੋਹ ਜਾਂ ਸੱਪ ਸ਼ੀਹਣੀ ਵਰਗੇ ਅਣਗਿਣਤ ਜਾਨਵਰਾਂ ਨੂੰ ਆਬਾਦੀ ਵਾਲੇ ਇਲਾਕੇ ਵਿੱਚੋਂ ਫੜ ਕੇ ਸੁਰੱਖਿਅਤ ਇਲਾਕੇ ਵਿੱਚ ਛੱਡ ਕੇ ਉਨ੍ਹਾਂ ਦੀ ਜਾਨ ਬਚਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਨਵਰ ਵੀ ਪ੍ਰਮਾਤਮਾ ਦੇ ਜੀਵ ਹਨ ਅਤੇ ਸਾਡੇ ਵਾਂਗ ਇਨ੍ਹਾਂ ਨੂੰ ਵੀ ਜਿਉਣ ਦਾ ਹੱਕ ਹੈ ਸੋ ਅਗਰ ਅਜਿਹਾ ਕੋਈ ਵੀ ਜਹਿਰੀਲਾ ਜੀਵ ਗਲਤੀ ਨਾਲ ਕਿਸੇ ਦੇ ਘਰ ਅੰਦਰ ਦਾਖਲ ਹੁੰਦਾ ਹੈ ਤਾਂ ਇਸ ਮਾਰ ਕੇ ਪਾਪ ਖੱਟਣ ਦੀ ਜ਼ਰੂਰਤ ਨਹੀਂ, ਤੁਸੀਂ ਦਿਨ ਰਾਤ ਕਿਸੇ ਸਮੇਂ ਵੀ 9888459667 ਤੇ ਫੋਨ ਕਰੋ ਤੁਹਾਡੀ ਸਮੱਸਿਆ ਦੂਰ ਕੀਤੀ ਜਾਵੇਗੀ। ਓਧਰ ਦੂਜੇ ਪਾਸੇ ਸ਼ਹਿਰ ਨਿਵਾਸੀਆਂ ਤੇ ਸਮਾਜਸੇਵੀਆਂ ਵੱਲੋਂ ਵੀ ਬਲਦੇਵ ਰਾਜ ਇੰਸਾਂ ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
Total Responses : 267