ਕਰਜ਼ਾ ਰਿਕਵਰੀ ਟ੍ਰਿਬਿਊਨਲ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਕੰਮ ਬੰਦ ਕੀਤਾ
ਚੰਡੀਗੜ੍ਹ, 10 ਜੂਨ 2023 - ਕਰਜ਼ਾ ਰਿਕਵਰੀ ਟ੍ਰਿਬਿਊਨਲ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਟ੍ਰਿਬਿਊਨਲ ਦੇ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਵਕੀਲ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਡੀਆਰਟੀ ਅਦਾਲਤ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਅਨੁਸਾਰ ਡੀਆਰਟੀ ਦੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਬਦਲੀ ਤੱਕ ਵਕੀਲ ਆਪਣਾ ਸੰਘਰਸ਼ ਜਾਰੀ ਰੱਖਣਗੇ। ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਡੀਆਰਟੀ ਬਾਰ ਐਸੋਸੀਏਸ਼ਨ ਦੇ ਬਾਈਕਾਟ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ ਹੈ।
ਇਸੇ ਸਬੰਧ ਵਿੱਚ ਬੁੱਧਵਾਰ ਨੂੰ ਡੀਆਰਟੀ ਬਾਰ ਰੂਮ ਵਿੱਚ ਹੋਈ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਆਵਾਜ਼ੀ ਵੋਟ ਰਾਹੀਂ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਪ੍ਰੀਜ਼ਾਈਡਿੰਗ ਅਫਸਰ ਦੀ ਬਦਲੀ ਹੋਣ ਤੱਕ ਅਦਾਲਤ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਕੇਂਦਰੀ ਵਿੱਤ ਮੰਤਰਾਲੇ ਦੇ ਸਕੱਤਰ ਨੂੰ ਲਿਖੇ ਪੱਤਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਰਿਸ਼ੀ ਅਤੇ ਜਨਰਲ ਸਕੱਤਰ ਸੁਮਿਤ ਬੱਤਰਾ ਨੇ ਕਿਹਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਐਮਐਮ ਢੌਂਚੱਕ ਦੇ ਅੜੀਅਲ ਰਵੱਈਏ ਕਾਰਨ ਵਕੀਲਾਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਹੈ ਕਿ ਪ੍ਰੀਜ਼ਾਈਡਿੰਗ ਅਫ਼ਸਰ ਢੌਂਚੱਕ ਐਸੋਸੀਏਸ਼ਨ ਦੇ ਵਕੀਲ ਮੈਂਬਰਾਂ ਨੂੰ ਖੁੱਲ੍ਹੀ ਅਦਾਲਤ ਵਿੱਚ ਜ਼ਲੀਲ ਕਰਦਾ ਹੈ। ਬਕਾਇਦਾ ਚੀਫ ਪ੍ਰੀਜ਼ਾਈਡਿੰਗ ਅਫਸਰ ਹੋਣ ਕਾਰਨ ਉਹ ਵਕੀਲਾਂ ਨੂੰ ਹਾਜ਼ਰੀ ਲਾਇ ਮਜ਼ਬੂਰ ਕਰਦਾ ਹੈ ਅਤੇ ਜੋ ਮੈਂਬਰ ਉਪਲਬਧ ਨਹੀਂ ਹੁੰਦੇ ਉਨ੍ਹਾਂ ਦੇ ਕੇਸਾਂ ਨੂੰ ਖਾਰਜ ਕਰਨ ਜਾਂ ਵਿੱਤੀ ਜ਼ੁਰਮਾਨੇ ਲਗਾਉਣ ਦੀ ਧਮਕੀ ਦਿੰਦੇ ਹਨ।