ਯੂਨੀਵਰਸਿਟੀ ਦੀਆਂ ਸ਼ਰਤਾਂ ਨੂੰ ਲੈ ਕੇ ਨਰਸਿੰਗ ਕਾਲਜਾਂ ਦੇ ਪ੍ਰਧਾਨ ਨੇ ਸਪੀਕਰ ਸੰਧਵਾਂ ਨੂੰ ਸੌਂਪਿਆ ਮੰਗ ਪੱਤਰ
- ਨਵੀਆਂ ਸ਼ਰਤਾਂ ਨਾਲ ਸਰਕਾਰ ਅਤੇ ਕਾਲਜਾਂ ਦੀ ਆਮਦਨ ਹੋਵੇਗੀ ਪ੍ਰਭਾਵਿਤ : ਡਾ. ਢਿੱਲੋਂ
ਦੀਪਕ ਗਰਗ
ਕੋਟਕਪੂਰਾ, 10 ਜੂਨ 2823 :- ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਬਾਬਾ ਫਰੀਦ ਹੈਲਥ ਐਂਡ ਸਾਇੰਸਜ ਯੂਨੀਵਰਸਿਟੀ ਫਰੀਦਕੋਟ ਵਲੋਂ ਪੰਜਾਬ ਭਰ ਦੇ ਨਰਸਿੰਗ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਰੱਖੇ ਟੈਸਟ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਲਿਖਤੀ ਪੱਤਰ ਸੌਂਪਦਿਆਂ ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਦੀਆਂ ਉਕਤ ਸ਼ਰਤਾਂ ਨਾਲ ਪੰਜਾਬ ਤੋਂ ਬਾਹਰਲੇ ਵਿਦਿਆਰਥੀਆਂ ਦਾ ਆਉਣਾ ਰੁਕ ਸਕਦਾ ਹੈ, ਜਿਸ ਨਾਲ ਸਰਕਾਰ ਦੀ ਆਮਦਨ ਅਤੇ ਨਰਸਿੰਗ ਕਾਲਜਾਂ ਲਈ ਆਰਥਿਕ ਸੰਕਟ ਦੀ ਮੁਸੀਬਤ ਖੜੀ ਹੋ ਸਕਦੀ ਹੈ।
ਸਪੀਕਰ ਸੰਧਵਾਂ ਨਾਲ ਮੀਟਿੰਗ ਦੌਰਾਨ ਡਾ. ਢਿੱਲੋਂ ਨੇ ਵਿਸਥਾਰ ’ਚ ਦੱਸਿਆ ਕਿ ਨਰਸਿੰਗ ਦਾ ਕਿੱਤਾ ਅਹਿਮ ਹੋਣ ਕਰਕੇ ਪੰਜਾਬ ਭਰ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਕੋਵਿਡ ਤੋਂ ਬਾਅਦ ਮਹਿਸੂਸ ਹੋਇਆ ਕਿ ਸਿਰਫ ਭਾਰਤ ਦੇਸ਼ ਨੂੰ ਹੀ 40 ਲੱਖ ਤੋਂ ਜਿਆਦਾ ਨਰਸਾਂ ਦੀ ਜਰੂਰਤ ਹੈ, ਜਦਕਿ ਵਿਦੇਸ਼ਾਂ ’ਚ ਵੀ ਨਰਸਿੰਗ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾ ਦੀ ਮੰਗ ਵੱਧ ਰਹੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਵਲੋਂ ਨਰਸਿੰਗ ਦੀ ਪੜਾਈ ਕਰਨ ਵਾਲੇ ਹਰ ਵਿਦਿਆਰਥੀ ਲਈ ਟੈਸਟ ਜਰੂਰੀ ਕਰ ਦੇਣ ਨਾਲ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਸਮੇਤ ਦਿੱਲੀ, ਯੂ.ਪੀ., ਬਿਹਾਰ, ਮਹਾਂਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਪੰਜਾਬ ’ਚ ਆਉਣ ਤੋਂ ਸੰਕੋਚ ਕਰਨਗੇ, ਜਿਸ ਨਾਲ ਜਿੱਥੇ ਸਰਕਾਰ ਦੀ ਕਰੋੜਾਂ ਰੁਪਏ ਦੀ ਆਮਦਨ ਪ੍ਰਭਾਵਿਤ ਹੋਵੇਗੀ, ਉੱਥੇ ਨਰਸਿੰਗ ਕਾਲਜ ਵੀ ਆਰਥਿਕ ਸੰਕਟ ਦਾ ਸ਼ਿਕਾਰ ਹੋ ਸਕਦੇ ਹਨ, ਕਿਉਂਕਿ ਨਰਸਿੰਗ ਕਾਲਜਾਂ ਵਾਲੇ ਆਪਣੇ ਤੌਰ ’ਤੇ ਸੀਟਾਂ ਪੂਰੀਆਂ ਕਰਦੇ ਹਨ। ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਮੁੱਦੇ ’ਤੇ ਜਲਦ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਜਰੂਰ ਕਰਵਾਉਣਗੇ।