ਰਿਜਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਪੰਜਾਬ ਬੰਦ ਦਾ ਸੱਦਾ
- 12 ਜੂਨ ਨੂੰ ਦਲਿਤ ਭਾਈਚਾਰੇ ਵੱਲੋਂ ਪੰਜਾਬ ਬੰਦ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ - ਕਮਲ ਬਾਗੜੀ
ਮਨਜੀਤ ਸਿੰਘ ਢੱਲਾ
ਜੈਤੋ, 10 ਜੂਨ 2023 : ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੇ ਜਾਅਲੀ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਵਾਉਣ ਲਈ ਮੁੱਖ ਮੰਤਰੀ ਤੇ ਦਬਾਉਣ ਵਾਸਤੇ ਆਉਣ ਵਾਲੀ 12 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਅੱਜ ਜੈਤੋ ਬਾਜਾਖਾਨਾ ਚੌਂਕ ਰੇਗਰ ਧਰਮਸ਼ਾਲਾ ਵਿੱਚ ਦਲਿਤ ਭਾਈਚਾਰੇ ਵੱਲੋਂ ਸਾਂਝੀ ਮੀਟਿੰਗ ਰੱਖੀ ਗਈ ਜਿੱਥੇ ਕਿ ਐਸ. ਸੀ/ਬੀ. ਸੀ ਭਾਈਚਾਰੇ ਦੀ ਇਕੱਤਰਤਾ ਹੋਈ । ਮੀਟਿੰਗ ਵਿੱਚ ਵੱਖ- ਵੱਖ ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ ਹੁਣ ਆਰ-ਪਾਰ ਦੀ ਲੜਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਪ੍ਰਧਾਨ ਕਮਲ ਬਾਗੜੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮਾਂ ਦੇ ਕੇ ਮੁਕਰਨ ਕਾਰਨ ਮੁੱਖ ਮੰਤਰੀ ਦੀ ਦਲਿਤਾਂ ਪ੍ਰਤੀ ਮਾੜੀ ਮਾਨਸਿਕਤਾ ਹੈ ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਮਾਂ ਦੇ ਕੇ ਦਲਿਤ ਜਥੇਬੰਦੀਆਂ ਨੂੰ ਮਿਲਣਾ ਵਾਜਬ ਨਹੀਂ ਸਮਝਿਆ ।
ਉਨ੍ਹਾਂ ਦੱਸਿਆ ਕਿ ਦਲਿਤ ਜੱਥੇਬੰਦੀਆਂ ਅਤੇ ਸੰਤ ਸਮਾਜ ਵਿੱਚ ਮੁੱਖ ਮੰਤਰੀ ਦੇ ਇਸ ਵਿਵਹਾਰ ਪ੍ਰਤੀ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਦੇਖਦਿਆਂ ਹੋਇਆਂ 12 ਜੂਨ ਦਿਨ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਉਨ੍ਹਾਂ ਸਮੂਹ ਪੰਜਾਬ ਵਾਸੀਆਂ ਜਨਤਕ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪ ਉਹ ਆਪੋ-ਆਪਣੇ ਕਾਰੋਬਾਰ ਬੰਦ ਰੱਖਣ। ਉਨ੍ਹਾਂ ਦੱਸਿਆ ਕਿ ਇਸ ਦੇ ਬੱਸਾਂ ਅਤੇ ਰੇਲਾਂ ਦੀ ਆਵਾਜਾਈ ਵੀ ਬੰਦ ਰੱਖੀ ਜਾਏਗੀ। ਉਨ੍ਹਾਂ ਕਿਹਾ ਜੈਤੋ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਬੰਦ ਰੱਖਣ ਵਿਚ ਸਹਿਯੋਗ ਕਰਨ।
12 ਜੂਨ 2023 ਦਿਨ ਸੋਮਵਾਰ ਸ਼ਹਿਰ ਵਿਚ ਰੋਸ ਮੁਜਾਹਰਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ । ਇਸ ਮੌਕੇ ਡਾਕਟਰ ਹਰਚੰਦ ਸਿੰਘ, ਡਾਕਟਰ ਬਲਵਿੰਦਰ ਸਿੰਘ, ਭਾਰਤੀਆਂ ਅੰਬੇਡਕਰ ਮਿਸ਼ਨ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ਕਮਲ ਬਾਗੜੀ, ਪ੍ਰੇਮ ਫੁਲਵਾੜੀਆਂ, ਅਸ਼ੋਕ ਕੁਮਾਰ, ਜਗਮੀਤ ਸਿੰਘ ਨੀਟਾ, ਹਰਭਜਨ ਸਿੰਘ, ਗੁਰਵਿੰਦਰ ਸਿੰਘ, ਰਜੇਸ਼ ਕੁਮਾਰ, ਜਸਵੀਰ ਸਿੰਘ,ਡਾਲ ਚੰਦ ਪਵਾਰ,ਮਦਨ ਲਾਲ, ਆਦਿ ਮੌਜੂਦ ਸਨ।