ਨਗਰ ਸੁਧਾਰ ਸਭਾ ਦੇ ਵਫਦ ਨੇ ਬੁਢਲਾਡਾ ਸ਼ਹਿਰ ਅਤੇ ਇਲਾਕੇ ਦੀਆਂ ਮੰਗਾਂ ਪੂਰੀਆਂ ਕਰਨ ਲਈ ਵਿੱਤ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ
- ਵਿੱਤ ਮੰਤਰੀ ਚੀਮਾ ਨੇ ਮੰਗਾਂ ਦੇ ਹੱਲ ਸਬੰਧੀ ਗੰਭੀਰਤਾ ਨਾਲ ਯਤਨ ਕਰਨ ਦਾ ਦਿੱਤਾ ਭਰੋਸਾ
ਸੰਜੀਵ ਜਿੰਦਲ
ਮਾਨਸਾ, 10 ਜੂਨ 2023 : ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੀ ਅਗਵਾਈ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਦੀ ਮਾਨਸਾ ਆਮਦ ਮੌਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਬੁਢਲਾਡਾ ਇਲਾਕੇ ਅਤੇ ਸ਼ਹਿਰ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਸਬੰਧੀ ਮਿਲਿਆ ਤੇ ਮੰਗ ਪੱਤਰ ਦਿੱਤਾ । ਇਸ ਮੌਕੇ ਚੀਮਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਵਿੱਚ ਉਠਾਈਆਂ ਮੰਗਾਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਯਤਨ ਕਰਨਗੇ।
ਨਗਰ ਸੁਧਾਰ ਸਭਾ ਦੇ ਵਫਦ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪ੍ਰੇਮ ਸਿੰਘ ਦੋਦੜਾ , ਮਾ.ਰਘੁਨਾਥ ਸਿੰਗਲਾ , ਰਾਜ ਕੁਮਾਰ ਬੋੜਾਵਾਲੀਆ ਅਤੇ ਜੱਸੀ ਪ੍ਰਧਾਨ ਸਵਰਨਕਾਰ ਸੰਘ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਆਗੂ ਐਡਵੋਕੇਟ ਦਲਿਓ ਨੇ ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਵਿੱਤ ਮੰਤਰੀ ਪੰਜਾਬ ਨਾਲ ਗੱਲਬਾਤ ਦੌਰਾਨ ਮੰਗ ਪੱਤਰ ਵਿੱਚ ਦਰਜ ਮੰਗਾਂ ਉਠਾਉਂਦਿਆਂ ਆਖਿਆ ਕਿ ਗੋਬਿੰਦਪੁਰਾ ਦੇ ਥਰਮਲ ਪਾਵਰ ਪਲਾਂਟ ਨੂੰ ਪੰਜਾਬ ਸਰਕਾਰ ਜਾਂ ਪਿਓਨਾ ਪਾਵਰ ਕੰਪਨੀ ਦੁਆਰਾ ਸ਼ੁਰੂ ਕੀਤਾ ਜਾਵੇ , ਬੁਢਲਾਡਾ ਇਲਾਕੇ 'ਚ ਕੋਈ ਵੱਡੀ ਸਨਅਤੀ ਇਕਾਈ ਲਗਾਈ ਜਾਵੇ , ਮਾਨਸਾ ਜ਼ਿਲ੍ਹੇ ਖ਼ਾਸ ਕਰਕੇ ਬੁਢਲਾਡਾ ਸਬ-ਡਵੀਜਨ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਖੇਤਰ ਦੀ ਤਰਜ਼ 'ਤੇ ਟੈਕਸ ਮੁਕਤ ਜੋਨ ਐਲਾਨਿਆ ਜਾਵੇ ਤਾਂ ਜੋ ਇਸ ਖੇਤਰ ਵਿੱਚ ਸਨਅਤਾਂ ਲੱਗ ਸਕਣ , ਸਰਕਾਰੀ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇ , ਸਿਵਲ ਹਸਪਤਾਲ ਬੁਢਲਾਡਾ ਵਿਖੇ ਅਲਟਰਾ ਸਾਉਂਡ ਮਸ਼ੀਨ ਅਤੇ ਹੋਰ ਲੋੜੀਂਦੇ ਟੈਸਟਾਂ ਦੀ ਸਹੂਲਤ ਸ਼ੁਰੂ ਕਰਨ ਦੇ ਨਾਲ-ਨਾਲ ਬੁਢਲਾਡਾ, ਬਰੇਟਾ ਅਤੇ ਬੋਹਾ ਵਿਖੇ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਨੂੰ ਦੂਰ ਕੀਤਾ ਜਾਵੇ ਅਤੇ ਇਸ ਹਸਪਤਾਲ ਵਿੱਚ ਬਲੱਡ ਬੈਂਕ ਸਥਾਪਤ ਕੀਤਾ ਜਾਵੇ , ਸ਼ਹਿਰ ਦੀ ਪਹਿਲਾਂ ਬਣੀ ਰੇਲਵੇ ਰੋਡ (ਪਾਮ ਸਟਰੀਟ) ਦੀ ਜਾਂਚ ਕਰਵਾਉਣ ਸਮੇਤ ਆਈ.ਟੀ ਆਈ. ਤੋਂ ਗੁਰੁ ਨਾਨਕ ਕਾਲਜ ਤੱਕ ਬਣ ਰਹੀ ਸੜਕ ਨੂੰ ਸਹੀ ਮਟੀਅਰੀਅਲ ਨਾਲ ਸਮਾਂਬੱਧ ਬਣਵਾਉਣਾ ਯਕੀਨੀ ਬਣਾਇਆ ਜਾਵੇ , ਨਗਰ ਕੌਂਸਲ ਵਿੱਚ ਪਿਛਲੇ 26 ਸਾਲਾਂ ਤੋਂ ਆਈਆਂ ਕਰੋੜਾਂ ਰੁਪਇਆ ਦੀਆਂ ਗ੍ਰਾਂਟਾ ਦੇ ਪੈਸੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਉਕਤ ਪੈਸਾ ਸਬੰਧਤ ਲੋਕਾਂ ਪਾਸੋਂ ਉਗਰਾਹਿਆ ਜਾਵੇ , ਪੀ.ਐਨ.ਬੀ.ਰੋਡ (ਜੋ ਕਿ ਪੁਰਾਣਾ ਮੁਖਰਜੀ ਮਾਰਗ ਹੈ) 'ਤੇ ਨਜਾਇਜ਼ ਕਬਜ਼ੇ ਹਟਾਕੇ ਇਸ ਰੋਡ ਨੂੰ ਚੌੜਾ ਕੀਤਾ ਜਾਵੇ , ਬੁਢਲਾਡਾ ਤੋਂ ਮਾਨਸਾ ਤੱਕ ਰੇਲਵੇ ਲਾਈਨ ਦੇ ਨਾਲ ਨਾਲ ਸੜਕ ਦਾ ਨਿਰਮਾਣ ਕੀਤਾ ਜਾਵੇ , ਭਾਰਤ-ਚੀਨ ਸਰਹੱਦ 'ਤੇ ਭਾਰਤੀ ਫੌਜ ਦੇ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਬੀਰੇਵਾਲਾ ਡੋਗਰਾ ਤੋਂ ਇਤਿਹਾਸਕ ਪਿੰਡਾਂ ਸੈਦੇਵਾਲਾ , ਕੁਲਾਣਾ , ਬੀਰੋਕੇ ਕਲਾਂ ਅਤੇ ਸਤੌਜ ਤੋਂ ਚੀਮਾ ਮੰਡੀ ਤੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਸੜਕ ਬਣਾਈ ਜਾਵੇ , ਫਾਇਰ ਬ੍ਰਿਗੇਡ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਬੁਢਲਾਡਾ ਪਿੰਡ ਅਤੇ ਇਲਾਕੇ ਦੇ ਪਿੰਡਾਂ ਦੇ ਲਾਲ ਲਕੀਰ ਵਾਲੇ ਖੇਤਰ 'ਚ ਬੈਠੇ ਲੋਕਾਂ ਨੂੰ ਮਾਲਕੀ ਹੱਕ ਦਿੱਤੇ ਜਾਣ , ਘਰੇਲੂ ਦੁਕਾਨਦਾਰਾਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਦਿੱਤੀ ਜਾਵੇ।