ਪੰਜਾਬ ਦੀ ਵਿਦਿਅਕ ਸੰਸਥਾ ਸਵਾਈਟ ਅਤੇ ਕੈਨੇਡਾ ਦੀ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵਿਚਕਾਰ ਹੋਇਆ ਇਕਰਾਰਨਾਮਾ
ਹਰਦਮ ਮਾਨ
ਸਰੀ, 10 ਜੂਨ 2023 -ਪੰਜਾਬ ਦੀ ਪ੍ਰਸਿੱਧ ਵਿਦਿਅਕ ਸੰਸਥਾ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਕਾਲਜਜ਼ ਬਨੂੜ (ਸਵਾਈਟ) ਅਤੇ ਕੈਨੇਡਾ ਦੀ ਵਿਦਿਅਕ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵੱਲੋਂ ਦੋਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਆਪਸੀ ਇਕਰਾਰਨਾਮਾ ਕੀਤਾ ਗਿਆ ਜਿਸ ਤਹਿਤ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀ ਵੱਖ ਵੱਖ ਕੋਰਸਾਂ ਵਿਚ ਕੁਝ ਸਮਾਂ ਪੰਜਾਬ ਵਿਚ ਅਤੇ ਕੁਝ ਸਮਾਂ ਕੈਨੇਡਾ ਵਿਚ ਰਹਿ ਕੇ ਆਪਣੀ ਪੜ੍ਹਾਈ ਅਤੇ ਖੋਜ ਕਾਰਜ ਕਰ ਸਕਣਗੇ।
ਬੀਤੇ ਦਿਨੀਂ ਸਰੀ ਵਿਖੇ ਆਏ ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜਜ਼ ਦੇ ਚੇਅਰਮੈਨ ਅਸ਼ਵਨੀ ਗਰਗ, ਪ੍ਰੈਜ਼ੀਡੈਂਟ ਅਸ਼ੋਕ ਗਰਗ ਅਤੇ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਗਿਆਨ ਸਿੰਘ ਸੰਧੂ ਨੇ ਇਸ ਇਕਰਾਰਨਾਮੇ ਲਈ ਆਪਸੀ ਸਹਿਮਤੀ ਪ੍ਰਗਟ ਕੀਤੀ।
ਇਸ ਮੌਕੇ ‘ਤੇ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਆਪਣੀ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ 2004 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਵੇਲੇ ਇਸ ਵਿਚ 42 ਕੋਰਸਾਂ ਵਿਚ 7 ਹਜਾਰ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ। ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਕੈਨੇਡਾ ਦੇ ਸੀ.ਈ.ਓ. ਗਿਆਨ ਸਿੰਘ ਸੰਧੂ ਨੇ ਆਪਣੀ ਸੰਸਥਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਸੰਸਥਾ ਬਿਨਾਂ ਕਿਸੇ ਸਵਾਰਥ ਦੇ ਕੰਮ ਕਰ ਰਹੀ ਹੈ ਅਤੇ ਇਸ ਵਿਚ ਯੂਨੀਵਰਸਿਟੀ ਪੱਧਰ ਦੇ ਕੋਰਸ ਹਨ ਅਤੇ ਆਨ-ਲਾਈਨ ਚੱਲ ਰਹੀਆਂ ਕਲਾਸਾਂ ਵਿਚ ਕਈ ਦੇਸ਼ਾਂ ਦੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਜਨਵਰੀ 2024 ਵਿਚ ਇਸ ਇੰਸਟੀਚਿਊਟ ਰਾਹੀਂ 24 ਕੋਰਸਾਂ ਵਿਚ ਵਿਦਿਆਰਥੀ ਦਾਖ਼ਲਾ ਲੈ ਸਕਣਗੇ।
ਦੋਹਾਂ ਸੰਸਥਾਵਾਂ ਦੇ ਸੰਚਾਲਕਾਂ ਅਨੁਸਾਰ ਇਸ ਆਪਸੀ ਸਹਿਮਤੀ ਤਹਿਤ ਵਿਦਿਆਰਥੀ ਪੜ੍ਹਾਈ ਅਤੇ ਖੋਜ ਵਿਸ਼ੇ ਦੀ ਜਾਣਕਾਰੀ ਆਪਸ ਵਿੱਚ ਸਾਂਝੀ ਕਰ ਸਕਣਗੇ ਅਤੇ ਭਾਰਤ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਾਈ ਅਤੇ ਖੋਜ ਵਿਸ਼ੇ ਤੇ ਜਾਣਕਾਰੀ ਹਾਸਿਲ ਕਰਨ ਦੇ ਵਧੀਆ ਅਤੇ ਵਧੇਰੇ ਮੌਕੇ ਮਿਲਣਗੇ। ਇਸ ਪ੍ਰੋਗਰਾਮ ਅਧੀਨ ਦੋਹਾਂ ਸੰਸਥਾਵਾਂ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਆਪਸੀ ਅਦਾਨ ਪ੍ਰਦਾਨ ਕਰ ਸਕਣਗੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com