ETO ਨੇ ਜਟਾਣਾ ਕਲਾਂ, ਕੁਸਲਾ, ਰੋੜੀ ਤੋਂ ਸਰਦੂਲੇਵਾਲਾ ਸਮੇਤ ਰਤੀਆ ਤੋਂ ਸਰਦੂਲਗੜ੍ਹ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਰੱਖਿਆ ਨੀਂਹ ਪੱਥਰ
- 25 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਹਲਕਾ ਸਰਦੂਲਗੜ੍ਹ ਦੀਆਂ ਤਿੰਨੋ ਸੜਕਾਂ ਦੀ ਬਦਲੇਗੀ ਨੁਹਾਰ-ਕੈਬਨਿਟ ਮੰਤਰੀ
- ਸੜਕੀ ਹਾਦਸਿਆਂ ਨੂੰ ਰੋਕਣ ਲਈ ਜਲਦ ਹੋਵੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ
ਮਾਨਸਾ, 17 ਸਤੰਬਰ 2023 - ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਸ੍ਰ ਹਰਭਜਨ ਸਿੰਘ ਈ.ਟੀ.ਓ ਨੇ ਸਰਦੂਲਗੜ੍ਹ ਮਾਨਸਾ ਰੋਡ ਤੋਂ ਤਲਵੰਡੀ ਸਾਬੋ ਅੱਪਟੂ ਬਲਾਕ ਲਿਮਟ ਵਾਇਆ ਜਟਾਣਾ ਕਲਾਂ, ਕੁਸਲਾ, ਰੋੜੀ ਤੋਂ ਸਰਦੂਲੇਵਾਲਾ ਅਤੇ ਰਤੀਆ ਤੋਂ ਸਰਦੂਲਗੜ੍ਹ ਦੀਆਂ ਕਰੀਬ 33 ਕਿਲੋਮੀਟਰ ਤੱਕ ਦੀਆਂ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ ਅਤੇ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਦੱਸਿਆ ਕਿ 25 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਰਿਪੇਅਰ ਹੋਣ ਵਾਲੀਆਂ ਇਹ ਸੜਕਾਂ ਕਾਫੀ ਪੁਰਾਣੀਆਂ ਸਨ। ਇਲਾਕੇ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਸਰਦੂਲਗੜ੍ਹ ਹਲਕੇ ਦੀਆਂ ਇੰਨ੍ਹਾਂ ਸੜਕਾਂ ਦੇ ਨਵੀਨੀਕਰਨ ਦੀ ਨੀਂਹ ਪੱਥਰ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਟਾਣਾ ਕਲਾਂ, ਕੁਸਲਾ ਸੜ੍ਹਕ ਦੀ ਕੁੱਲ ਲੰਬਾਈ 19.51 ਕਿਲੋਮੀਟਰ ਹੈ, ਜਿਸ ਦੀ ਸਪੈਸ਼ਲ ਰਿਪੇਅਰ ਦਾ ਕੰਮ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵੱਲੋਂ 722.68 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਮਾਨਸਾ-ਸਰਦੂਲਗੜ੍ਹ-ਸਿਰਸਾ ਰੋਡ ਤੋਂ ਹੁੰਦੀ ਹੋਈ ਜਟਾਣਾ ਕਲਾਂ, ਕੁਸਲਾ, ਜਗਤਗੜ੍ਹ ਬਾਦਰਾਂ ਅਤੇ ਜੋੜਕੀਆਂ ਰਾਹੀਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨਾਲ ਜੁੜਦੀ ਹੈ। ਇਸਦੇ ਨਾਲ ਲੱਗਦੇ ਪਿੰਡ ਵਾਸੀਆਂ ਦੇ ਆਉਣ ਜਾਣ ਲਈ ਇਹ ਸੜਕ ਬਹੁਤ ਮਹੱਤਵਪੂਰਨ ਹੈ।
ਇਸ ਉਪਰੰਤ ਉਨ੍ਹਾਂ ਰੋੜੀ ਤੋਂ ਸਰਦੂਲੇਵਾਲਾ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 4.40 ਕਿਲੋਮੀਟਰ ਹੈ, ਜਿਸ ਦੀ ਸਪੈਸ਼ਲ ਰਿਪੇਅਰ ਦਾ ਕੰਮ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵਲੋਂ 544.77 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸੜਕ ਸਰਦੂਲੇਵਾਲਾ ਤੋਂ ਰੋੜੀ ਹਰਿਆਣਾ ਬਾਰਡਰ ਤੱਕ ਜੋੜਦੀ ਹੈ।
ਉਨ੍ਹਾਂ ਰਤੀਆ ਤੋਂ ਸਰਦੂਲਗੜ੍ਹ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 9.30 ਕਿਲੋਮੀਟਰ ਹੈ, ਜਿਸ ਦੀ ਸਪੈਸ਼ਲ ਰਿਪੇਅਰ ਦਾ ਕੰਮ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵੱਲੋਂ 1287.39 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸੜਕ ਪਿੰਡ ਕੋਰੀਵਾਲਾ, ਆਹਲੂਪੁਰ ਹੁੰਦੀ ਹੋਈ ਹਰਿਆਣਾ ਬਾਰਡਰ ਤੱਕ ਜਾਂਦੀ ਹੈ ਅਤੇ ਅੱਗੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵੱਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਉੱਪਰ ਰਾਹਗੀਰਾਂ ਦੀ ਸੁਰੱਖਿਆ ਲਈ ਰੋਡ ਸੇਫਟੀ ਫਰਨੀਚਰ ਦਾ ਕੰਮ ਵੀ ਕਰਵਾਇਆ ਜਾਵੇਗਾ। ਇੰਨ੍ਹਾਂ ਸੜਕ ਦੇ ਕੰਮ ਵਿੱਚ ਸੜਕ ਦੀ 5 ਸਾਲਾਂ ਮੈਨਟੀਨੈਂਸ ਦੀ ਪ੍ਰੋਵੀਜਨ ਵੀ ਕੀਤੀ ਗਈ ਹੈ। ਇਸ ਦੇ ਨਾਲ ਜਿੱਥੇ ਠੇਕੇਦਾਰ ਸੜਕ ਬਣਾਉਣ ਲਈ ਗੁਣਵੱਤਾ ਵਾਲੇ ਚੰਗੇ ਮਟੀਰੀਅਲ ਦੀ ਵਰਤੋਂ ਕਰਨਗੇ, ਉੱਥੇ ਹੀ 5 ਸਾਲ ਸੜਕਾਂ ਦੀ ਦੇਖਰੇਖ ਦੀ ਜਿੰਮੇਵਾਰੀ ਵੀ ਲੈਣਗੇ।
ਸੜਕੀ ਹਾਦਸਿਆਂ ਨੂੰ ਰੋਕਣ ਬਾਰੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਵਿਚ ਬਹੁਤ ਜਲਦ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹਰ 30 ਕਿਲੋਮੀਟਰ ਦੇ ਏਰੀਏ ਵਿਚ ਇਹ ਫੋਰਸ ਵਾਹਨਾਂ ਸਮੇਤ ਤੈਨਾਤ ਰਹੇਗੀ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਦੁਰਘਟਨਾਵਾਂ ਵਾਲੀਆਂ ਥਾਵਾਂ ਨੂੰ ਠੀਕ ਕੀਤਾ ਜਾਵੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਹੋਵੇਗੀ।
ਇਸ ਮੌਕੇ ਸਥਾਨਕ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇੰਨ੍ਹਾਂ ਸੜਕਾਂ ਦੇ ਨਵੀਨੀਕਰਨ ਦੀ ਮੰਗ ਨੂੰ ਪੂਰਾ ਕਰਨ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਦਾ ਧੰਨਵਾਦ ਕੀਤਾ।