ਕਰਜ਼ੇ ਨੇ ਖਾਲੇ ਖੇਤ, ਅੰਨਦਾਤੇ ਨੇ ਗਲ਼ ਲਾਈ ਮੌਤ ਪਰਿਵਾਰਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ
- ਕਰਜ਼ੇ ਨੇ ਖਾਲੇ ਖੇਤ -ਅੰਨਦਾਤੇ ਨੇ ਗਲ਼ ਲਾਈ ਮੌਤ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2023: ‘ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀਆਂ ਸਾਥ ਛੱਡ ਦੇਣ, ਕਦੇ ਗੁਲਾਬੀ ਸੁੰਡੀ ਤੇ ਕਦੇ ਚਿੱਟੀ ਮੱਖੀ ਫਸਲਾਂ ਚੱਟ ਕਰ ਗਈ ਤਾਂ ਖੇਤ ਬਰਬਾਦ ਹੋ ਗਏ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰ ਹੋ ਜਾਂਦੇ ਹਨ ਤਾਂ ਕਿਸਾਨ ਦਾ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰਦਾ ਹੈ।’’ ਇਹ ਤਾਜ਼ਾ ਬਿਰਤਾਂਤ ਮਾਨਸਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦਾ ਹੈ ਜਿੱਥੇ ਤਿੰਨ ਦਿਨਾਂ ਵਿੱਚ ਕਰਜ਼ੇ ਦੀ ਮਾਰ ਹੇਠ ਆਏ ਤਿੰਨ ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਜਿਨ੍ਹਾਂ ਵਿੱਚ ਦੋ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਹੈ। ਭਾਵੇਂ ਵਕਤ ਦੀਆਂ ਸਰਕਾਰਾਂ ਕੁਝ ਵੀ ਕਹੀ ਜਾਣ ਪਰ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੀ ਹੋਣੀ ਨੂੰ ਦੇਖਦਿਆਂ ਖੇਤੀ ਸੰਕਟ ਦੇ ਨਕਸ਼ ਨਜ਼ਰ ਪੈਣ ਲੱਗਦੇ ਹਨ ਕਿ ਕਿਵੇਂ ਕਿਸਾਨਾਂ ਹੱਥੋਂ ਜ਼ਮੀਨ ਕਿਰੀ ਤੇ ਕਰਜ਼ਿਆਂ ਕਾਰਨ ਜ਼ਿੰਦਗੀ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ 17 ਸਤੰਬਰ ਨੂੰ ਖੁਦਕੁਸ਼ੀ ਦੇ ਰਾਹ ਪਿਆ ਨੌਜਵਾਨ ਬਲਾਕ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦਾ ਮਿੰਟੂ ਸਿੰਘ ਪੁੱਤਰ ਸੁਖਦੇਵ ਸਿੰਘ ਖੇਤ ਮਜ਼ਦੂਰ ਭਾਈਚਾਰੇ ਨਾਲ ਸਬੰਧ ਰੱਖਦਾ ਸੀ। ਬੇ-ਜ਼ਮੀਨਾਂ ਹੋਣ ਕਰਕੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ । ਨੌਜਵਾਨ ਨੇ ਘਰ ਦੀ ਆਰਥਿਕ ਤੰਗੀ ਕਾਰਨ ਵਿਆਹ ਨਹੀਂ ਕਰਵਾਇਆ ਸੀ । ਇੱਕ ਵਾਰ ਫਿਰ ਤੋਂ ਫ਼ਸਲੀ ਬਰਬਾਦੀ ਹੋਣ ਕਾਰਨ ਆਰਥਿਕ ਅਤੇ ਮਾਨਸਿਕ ਤੌਰ ‘ਤੇ ਟੁੱਟ ਜਾਣ ਕਰਕੇ ਪਰਿਵਾਰ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਕਰਜ਼ੇ ਕਾਰਨ ਮਿੰਟੂ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਲਈ।
ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿਖੇ 16 ਸਤੰਬਰ ਨੂੰ ਕਿਸਾਨ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵੀ ਕਰਜ਼ੇ ਦੀ ਪੰਡ ਅੱਗੇ ਜ਼ਿੰਦਗੀ ਹਾਰ ਗਿਆ।ਰਣਜੀਤ ਸਿੰਘ ਕੋਲ ਆਪਣੀ ਛੇ ਕਨਾਲ ਜ਼ਮੀਨ ਸੀ ਅਤੇ ਜ਼ਮੀਨ ਠੇਕੇ ‘ਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ । ਕਿਸਾਨ ਆਗੂ ਦੱਸਦੇ ਹਨ ਕਿ ਸਰਕਾਰ ਤੋਂ ਕੋਈ ਸਹਾਇਤਾ ਨਾ ਮਿਲੀ ਅਤੇ ਫਸਲਾਂ ਖਰਾਬ ਹੁੰਦੀਆਂ ਗਈਆਂ। ਅੰਤ ਨੂੰ ਘੋਰ ਨਿਰਾਸ਼ਾ ਵਿੱਚ ਆਏ ਕਿਸਾਨ ਰਣਜੀਤ ਸਿੰਘ ਨੇ ਆਪਣੇ ਖੇਤ ਵਿੱਚ ਜਾ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਖੁਦਕਸ਼ੀ ਕਰ ਲਈ । ਮ੍ਰਿਤਕ ਕਿਸਾਨ ਦੇ ਬੁੱਢੇ ਮਾਂ-ਬਾਪ ਦੋਨੋ ਹੀ ਕੈਂਸਰ ਤੋਂ ਪੀੜਿਤ ਹਨ ਜਿਨ੍ਹਾਂ ਦੇ ਇਲਾਜ ਲਈ ਉਸ ਨੇ ਦਿਹਾੜੀਆਂ ਵੀ ਕੀਤੀਆਂ। ਰਣਜੀਤ ਸਿੰਘ ਆਪਣੇ ਪਿੱਛੇ ਕਰੀਬ 2.5 ਲੱਖ ਦਾ ਕਰਜ਼ਾ ਛੱਡ ਗਿਆ ਹੈ ।
ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਵਿੱਚ 14 ਸਤੰਬਰ ਨੂੰ ਖ਼ੁਦਕੁਸ਼ੀ ਕਰਨ ਵਾਲਾ ਕਿਸਾਨ ਪ੍ਰਗਟ ਸਿੰਘ ਪੁੱਤਰ ਧਿਆਨ ਸਿੰਘ ਉਮਰ ਕਰੀਬ 45 ਸਾਲ ਇੱਕ ਦਰਮਿਆਨੇ ਪਰਿਵਾਰ ਨਾਲ ਸੰਬੰਧਤ ਸੀ ਜਿਸ ਦੀ ਆਮਦਨ ਦਾ ਵਸੀਲਾ ਖੇਤੀ ਸੀ । ਲਗਾਤਾਰ ਫ਼ਸਲੀ ਕਰੋਪੀ ਅਤੇ ਜਿਨਸ ਦੀ ਉਚਿੱਤ ਕੀਮਤ ਨਾ ਮਿਲਣ ਕਾਰਨ ਕਿਸਾਨ ਪ੍ਰਗਟ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ। ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਅਨੁਸਾਰ ਪ੍ਰਗਟ ਸਿੰਘ ਨੇ ਕਰਜ਼ਾ ਲਾਹੁਣ ਦੀ ਵਾਹ ਲਾਈ ਅਤੇ ਅੰਤ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਉਸ ਨੇ ਫਾਹਾ ਲੈ ਲਿਆ। ਪ੍ਰਗਟ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਅਤੇ 4 ਲੱਖ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਛੱਡ ਗਿਆ ਹੈ। ਇਸ ਕਿਸਾਨ ਦੀ ਵਿਧਵਾ ਵੀ ਹੁਣ ‘ਖੇਤੀ ਸੰਕਟ ਦੇ ਸ਼ਹੀਦਾਂ’ ਦੇ ਪਰਿਵਾਰਾਂ ਦੀ ਕਤਾਰ ਵਿੱਚ ਖੜ੍ਹੀ ਹੋ ਗਈ ਹੈ।
ਖੁਦਕਸ਼ੀਆਂ ਲਗਾਤਾਰ ਜਾਰੀ: ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਕਾਰਜਕਾਰੀ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਕਹਿਣਾ ਸੀ ਕਿ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਪਹਿਲਾਂ ਦੀ ਤਰਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਐਤਕੀਂ ਮੀਂਹ ਕਾਰਨ ਫ਼ਸਲਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਫ਼ਸਲਾਂ ਮਰ ਜਾਣ ਤੋਂ ਬਾਅਦ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ ਅਜਿਹੀ ਸੂਰਤ ‘ਚ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਤਾਂ ਫਿਰ ਉਹ ਕੀ ਕਰੇਗਾ। ਕਿਸਾਨ ਆਗੂ ਨੇ ਖੁਦਕਸ਼ੀ ਪੀੜਤ ਪ੍ਰੀਵਾਰਾਂ ਨੂੰ ਢੁੱਕਵੀਂ ਆਰਥਿਕ ਸਹਾਇਤਾ ਅਤੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ।
ਖੇਤੀ ਨੂੰ ਪਏ ਸੋਕੇ ਦੀ ਤਸਵੀਰ: ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਬੇਹੱਦ ਦੁੱਖਦਾਈ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਲੰਘੇ ਤਿੰਨ ਚਾਰ ਦਿਨਾਂ 'ਚ ਔਸਤਨ ਇੱਕ ਖੁਦਕੁਸ਼ੀ ਹੋਈ ਹੈ ਜਿਸ ਦਾ ਮੂਲ ਕਾਰਨ ਕਰਜ਼ਾ ਹੈ। ਉਨ੍ਹਾਂ ਕਿਹਾ ਜੋ ਬਾਹਰੋਂ ਪੰਜਾਬ ਦਾ ਨਕਸ਼ਾ ਦਿਖਦਾ ਹੈ, ਉਸ ਵਿੱਚੋਂ ਇਨ੍ਹਾਂ ਕਿਸਾਨਾਂ ਦੇ ਦੁੱਖ ਮਨਫ਼ੀ ਹਨ। ਉਨ੍ਹਾਂ ਕਿਹਾ ਕਿ‘ਗਾਉਂਦਾ ਨੱਚਦਾ ਪੰਜਾਬ’ ਤੇ ‘ਖ਼ੁਸ਼ਹਾਲ ਪੰਜਾਬ’ ਦੇ ਨਾਅਰੇ ਸਿਰਫ਼ ਮੁੱਠੀ ਭਰ ਲੋਕਾਂ ਦੀ ਦੀ ਤਰਜਮਾਨੀ ਕਰਦੇ ਹਨ, ਸਮੁੱਚੇ ਪੰਜਾਬ ਦੀ ਨਹੀਂ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀਆਂ ਖੁਦਕਸ਼ੀਆਂ ਜੰਮਦੇ ਨਿਆਣਿਆਂ ਸਿਰ ਕਰਜ਼ਾ, ਚਿੱਟੀਆਂ ਚੁੰਨੀਆਂ ਦਾ ਵਧਣਾ ਤੇ ਜ਼ਿੰਦਗੀ ਦੇ ਆਖਰੀ ਪਹਿਰ ਬਜ਼ੁਰਗਾਂ ਦੇ ਸਿਰਾਂ ਤੇ ਦੁੱਖਾਂ ਦਾ ਪਹਾੜ ਟੁੱਟਣਾ ਪੰਜਾਬ ਦੀ ਖੇਤੀ ਨੂੰ ਪਏ ਸੋਕੇ ਦੀ ਤਸਵੀਰ ਹੈ।