ਜ਼ਿਲ੍ਹਾ ਲਿਖਾਰੀ ਸਭਾ ਵੱਲੋਂ "ਹਾਸਿਆਂ ਦੀ ਚੀਖ਼" ਪੁਸਤਕ ਕੀਤੀ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਸਰਹੰਦ 18 ਸਤੰਬਰ 2023: ਜ਼ਿਲ੍ਹਾ ਲਿਖਾਰੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨੌਜਵਾਨ ਸ਼ਾਇਰ, ਪ੍ਰੋ.ਦੇਵ ਮਲਿਕ (ਸੁਖਦੇਵ ਸਿੰਘ) ਦੀ ਪਲੇਠੀ ਕਾਵਿ-ਪੁਸਤਕ "ਹਾਸਿਆਂ ਦੀ ਚੀਖ਼" ਮਾਤਾ ਗੁਜਰੀ ਕਾਲਜ , ਫਤਿਹਗੜ੍ਹ ਸਾਹਿਬ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ.ਕੁਲਬੀਰ ਮਲਿਕ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ, ਫਿਰੋਜ਼ਪੁਰ ਨੇ ਸਭਾ ਦਾ ਮਾਣ ਵਧਾਇਆ। ਡਾ. ਸੋਮਪਾਲ ਹੀਰਾ,ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਡਾ. ਜਲੌਰ ਸਿੰਘ ਖੀਵਾ, ਸਾਬਕਾ ਪ੍ਰਿੰਸੀਪਲ ਵਿਸ਼ੇਸ਼ ਮਹਿਮਾਨ ਪੁੱਜੇ। ਪਰਮਜੀਤ ਕੌਰ ਸਰਹਿੰਦ ਤੇ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਨਾਲ਼ ਸਾਂਝੇ ਤੌਰ 'ਤੇ ਮੰਚ ਸੰਚਾਲਨ ਕੀਤਾ। ਡਾ. ਫੂਲਜੀਤ ਕੌਰ ਸੰਗੀਤਕਾਰ ਤੇ ਸਿਤਾਰ ਵਾਦਕ ਖ਼ਾਸ ਤੌਰ 'ਤੇ ਕੋਟਕਪੂਰਾ ਤੋਂ ਪੁੱਜੇ। ਮਨਦੀਪ ਸਿੰਘ ਖਨੌਰੀ, ਸੌਰਭ ਦਾਦਰੀ, ਲਵਪ੍ਰੀਤ ਸਿੰਘ ਰੈਲੋਂ ਤੇ ਦੀਪਕ ਨੇ ਸੇਵਾ ਦੀ ਸ਼ਲਾਘਾ ਯੋਗ ਭੂਮਿਕਾ ਨਿਭਾਈ।ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਡਿਪਟੀ ਡਾਇਰੈਕਟਰ ਰਮਿੰਦਰਜੀਤ ਸਿੰਘ ਵਾਸੂ, ਮੈਨੇਜਰ ਊਧਮ ਸਿੰਘ ਤੇ ਗੁਰਵਿੰਦਰ ਸਿੰਘ ਨੇ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਈ। ਦੇਵ ਮਲਿਕ ਦੇ ਪਿਤਾ ਚਮਕੌਰ ਸਿੰਘ,ਮਾਤਾ ਨਛੱਤਰ ਕੌਰ ਤੇ ਭਰਾ ਤਰਲੋਚਨ ਸਿੰਘ ਸੋਨੀ ਪਿੰਡ ਸੇਖਾ ਕਲਾਂ ਮੋਗਾ ਤੋਂ ਆ ਕੇ ਆਪਣੇ ਪੁੱਤਰ ਦੀ ਮਾਣਮੱਤੀ ਪ੍ਰਾਪਤੀ ਮੌਕੇ ਸ਼ਰੀਕ ਹੋਏ। ਪ੍ਰਸਿੱਧ ਕਹਾਣੀਕਾਰ ਮਰਹੂਮ ਪ੍ਰੇਮ ਗੋਰਖੀ ਦੀ ਬੇਟੀ ਨਵਰੂਪ ਕੌਰ ਗੋਰਖੀ ਵਿਸ਼ੇਸ਼ ਸੱਦੇ 'ਤੇ ਚੰਡੀਗੜ੍ਹ ਤੋਂ ਪਹੁੰਚੇ।
ਸਮਾਗਮ ਦੀ ਸ਼ੁਰੂਆਤ ਹਰਲੀਨ ਕੌਰ ਸਾਨੀਪੁਰ ਨੇ ਧਾਰਮਿਕ ਗੀਤ ਗਾਇਨ ਕਰ ਕੇ ਕੀਤੀ। ਉਪਰੰਤ ਨਿਰਭੈ ਸਿੰਘ ਅਨੂਪਗੜ੍ਹ ਨੇ ਨਜ਼ਮ ਸੁਣਾਈ ਜੋ ਵਿਸ਼ੇਸ਼ ਤੌਰ 'ਤੇ ਮਾਨਸਾ ਤੋਂ ਪੁੱਜੇ ਤੇ ਦੂਰੋਂ ਆਏ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਕਵਿਤਾ ਪੇਸ਼ ਕੀਤੀ। ਬਲਤੇਜ ਸਿੰਘ ਬਠਿੰਡਾ, ਅਮਰਬੀਰ ਸਿੰਘ ਚੀਮਾ , ਜਸਨਪ੍ਰੀਤ ਕੌਰ, ਮਲਿਕਾ ਰਾਣੀ, ਜਸ਼ਨ ਮੱਟੂ, ਲਛਮਣ ਸਿੰਘ ਤਰੌੜਾ, ਜਸਵਿੰਦਰ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ ਗੋਪਾਲੋਂ, ਗੁਰਨਾਮ ਸਿੰਘ ਬਿਜਲੀ ਤੇ ਅਵਤਾਰ ਸਿੰਘ ਪੁਆਰ ਨੇ ਨਜ਼ਮਾਂ ਸੁਣਾਈਆਂ। ਡਾ. ਗੁਰਮੀਤ ਸਿੰਘ, ਗੁਰਦੀਪ ਸਿੰਘ ਚਨਾਰਥਲ, ਅਜਮੇਰ ਸਿੰਘ ਮਾਨ, ਇਕਬਾਲ ਸਿੰਘ, ਬਿਕਰਮਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਸ਼ਾਇਰ/ ਲੇਖਕ ਸਮਾਗਮ ਵਿੱਚ ਸ਼ਾਮਲ ਹੋਏ। ਜੁਝਾਰ ਟਾਈਮਜ਼ ਲੁਧਿਆਣਾ ਤੋਂ ਹਰਪ੍ਰੀਤ ਕੌਰ ਪੁੱਜੇ। "ਹਾਸਿਆਂ ਦੀ ਚੀਖ਼" ਬਾਰੇ ਪਰਮਜੀਤ ਕੌਰ ਸਰਹਿੰਦ ਨੇ ਸੰਖੇਪ ਪਰ ਪੁਖ਼ਤਾ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਵ ਇੱਕ ਮਿਹਨਤਕਸ਼ ਪਰਿਵਾਰ ਵਿੱਚ ਜਨਮਿਆ ਤੇ ਆਪ ਮਿਹਨਤ-ਮੁਸ਼ੱਕਤ ਕਰਦਾ ਇਸ ਪੁਸਤਕ ਦਾ ਸਿਰਜਕ ਬਣਿਆਂ ਤੇ ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਪੁੱਜਿਆ ਜੋ ਮਾਪਿਆਂ, ਅਧਿਆਪਕਾਂ ਤੇ ਸਾਡੀ ਸਭ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਇਸ ਲੇਖਕ ਨੇ ਛੋਟੀ ਉਮਰੇ ਜਿਵੇਂ ਮੱਲਾਂ ਮਾਰੀਆਂ ਹਨ ਇਹ ਨੌਜਵਾਨ ਵਰਗ ਲਈ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਵ ਦੇ ਗੁਰੂ ਡਾ. ਮਲਿਕ, ਡਾ.ਹੀਰਾ ਤੇ ਡਾ. ਫੂਲਜੀਤ ਕੌਰ ਦਾ ਇਸ ਮੌਕੇ ਐਨੀ ਦੂਰੋਂ ਚੱਲ ਕੇ ਆਉਣਾ ਬਹੁਤ ਵੱਡੀ ਗੱਲ ਹੈ। ਉਪਰੰਤ ਸਮਰੱਥ ਨਾਟਕਕਾਰ ਡਾ. ਹੀਰਾ ਨੇ ਕਿਹਾ ਕਿ ਮੈਂ ਦੇਵ ਨੂੰ ਸ਼ਾਇਰ ਵੱਜੋਂ ਬਾਅਦ 'ਚ ਜਾਣਿਆ ਪਹਿਲਾਂ ਇੱਕ ਅਦਾਕਾਰ, ਮਲਵਈ ਗਿੱਧਾ,ਭੰਗੜਾ ਤੇ ਭੰਡ ਦਾ ਕਿਰਦਾਰ ਨਿਭਾਉਣ ਵਾਲ਼ਾ ਗੱਭਰੂ ਕਰਕੇ ਜਾਣਿਆ। ਉਨ੍ਹਾਂ ਦੇਵ 'ਤੇ ਮਾਣ ਕਰਦਿਆਂ ਕਿਹਾ ਇਸਨੇ ਬਹੁਤ ਘਾਲਣਾ ਘਾਲੀ ਹੈ ਜੋ ਥਾਏਂ ਪਈ ਹੈ। ਮੁੱਖ ਮਹਿਮਾਨ ਡਾ. ਮਲਿਕ ਨੇ ਕਿਹਾ ਕਿ ਦੇਵ ਮੇਰਾ ਬਹੁਤ ਲਾਇਕ ਸ਼ਗਿਰਦ ਹੈ ਮੈਂ ਚਾਹੁੰਦਾ ਹਾਂ ਕਿ ਅੱਗੋਂ ਇਹ ਵੀ ਆਪਣੇ ਸ਼ਗਿਰਦਾਂ ਨੂੰ ਨਵੀਆਂ ਪੈੜਾਂ ਪਾਉਣ ਦੇ ਸਮਰੱਥ ਬਣਾਵੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਅੱਜ ਦੇਵ ਨੂੰ ਮੁਕਤ ਕਰਦਾ ਹਾਂ ਹੁਣ ਉਹ ਮੇਰਾ ਸ਼ਗਿਰਦ ਨਹੀਂ ਬਲਕਿ ਖੁੱਲ੍ਹੇ ਅਸਮਾਨੀਂ ਉਡਾਰੀਆਂ ਲਾਉਣ ਵਾਲ਼ਾ ਪਰਿੰਦਾ। ਡਾ. ਮਲਿਕ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਜ਼ਿਕਰ ਵੀ ਕੀਤਾ। ਡਾ. ਜਲੌਰ ਸਿੰਘ ਖੀਵਾ ਨੇ ਦੇਵ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਪਰਮਜੀਤ ਕੌਰ ਸਰਹਿੰਦ ਵੱਲੋਂ ਲਿਖਾਰੀ ਸਭਾ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਡਾ. ਫੂਲਜੀਤ ਕੌਰ ਨੇ ਦੇਵ ਬਾਰੇ ਕਿਹਾ ਕਿ ਇਹ ਮੁੱਢੋਂ ਹੀ ਬਹੁਤ ਮਿਹਨਤੀ, ਆਗਿਆਕਾਰ ਤੇ ਜ਼ਿੰਮੇਵਾਰ ਵਿਦਿਆਰਥੀ ਰਿਹਾ ਹੈ। ਪ੍ਰੋ. ਸਾਧੂ ਸਿੰਘ ਪਨਾਗ ਨੇ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ ਤੇ ਦੇਵ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਡਿਪਟੀ ਡਾਇਰੈਕਟਰ ਰਮਿੰਦਰਜੀਤ ਸਿੰਘ ਵਾਸੂ ਨੇ ਦੇਵ ਦੀ ਪੁਸਤਕ ਬਾਰੇ ਕਿਹਾ ਕਿ ਇਹ ਸਾਡੀ ਮਾਂ ਪਰਮਜੀਤ ਕੌਰ ਸਰਹਿੰਦ ਦਾ ਸੁਹਿਰਦ ਯਤਨ ਹੈ ਤੇ ਦੇਵ ਦੀ ਮਿਹਨਤ। ਉਨ੍ਹਾਂ ਕਿਹਾ ਕਿ ਮੈਂ ਸਭਾ ਦਾ ਪੱਕਾ ਮੈਂਬਰ ਬਣਾਗਾ ਤੇ ਇਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗਾ ਦੇਵ ਮਲਿਕ ਨੇ ਆਪਣੀ " ਹਾਸਿਆਂ ਦੀ ਚੀਖ਼ " ਬਾਰੇ ਕਿਹਾ ਮੈਂ ਤਾਂ ਕੁਝ ਸ਼ਬਦ ਝਰੀਟਾਂ ਹੀ ਮਾਰੀਆਂ ਸਨ ਪਰ ਮਾਂ ਸਮਾਨ ਪਰਮਜੀਤ ਕੌਰ ਸਰਹਿੰਦ ਨੇ ਆਪ ਮਿਹਨਤ ਕਰਕੇ ਇਸ ਨੂੰ ਪੁਸਤਕ ਰੂਪ ਦਿੱਤਾ ਤੇ ਝਰੀਟਾਂ ਤੋਂ ਲੋਕ ਅਰਪਣ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਉਸਨੇ ਕਿਹਾ ਕਿ ਮੈਂ ਹੱਥੀਂ ਕਿਰਤ ਕਰਨ ਵਾਲੇ ਮਾਪਿਆਂ ਦਾ ਪੁੱਤਰ ਹਾਂ ਤੇ ਕਿਰਤ ਨੂੰ ਸਮਰਪਿਤ ਹਾਂ। ਉਸਨੇ ਆਪਣੇ ਸਹਾਇਕ ਪ੍ਰੋਫ਼ੈਸਰ ਬਣਨ ਦਾ ਸਿਹਰਾ ਆਪਣੇ ਪੁੱਜੇ ਗੁਰੂਆਂ ਅਤੇ ਪੁਸਤਕ ਦਾ ਸਿਹਰਾ ਪਰਮਜੀਤ ਕੌਰ ਸਰਹਿੰਦ ਨੂੰ ਦਿੱਤਾ। ਪੁਸਤਕ ਲੋਕ ਅਰਪਣ ਕਰਨ ਉਪਰੰਤ ਲਿਖਾਰੀ ਸਭਾ ਵੱਲੋਂ ਡਾ. ਮਲਿਕ, ਡਾ. ਹੀਰਾ, ਡਾ. ਖੀਵਾ, ਡਾ. ਫੂਲਜੀਤ ਕੌਰ , ਨਵਰੂਪ ਕੌਰ ਗੋਰਖੀ, ਦੇਵ ਮਲਿਕ ਦੇ ਮਾਤਾ-ਪਿਤਾ ਤੇ ਭਰਾ ਦਾ ਲੋਈਆਂ, ਫੁੱਲਕਾਰੀਆਂ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਅੰਤ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਆਏ ਮਹਿਮਾਨਾਂ ਦਾ ਨਿਮਰ ਸ਼ਬਦਾਂ ਨਾਲ਼ ਧੰਨਵਾਦ ਕੀਤਾ।