ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸੈਮੀਨਾਰ
ਜ਼ਿਲ੍ਹਾ ਪ੍ਰਸ਼ਾਸਨ ਤੇ ਹੁਸ਼ਿਆਰਪੁਰ ਲਿਟਰੇਰੀ ਸੁਸਾਇਟੀ ਵਲੋਂ ਆਯੋਜਿਤ ਕੀਤਾ ਗਿਆ ਸੈਮੀਨਾਰ
ਸਾਬਕਾ ਆਈ.ਏ.ਐਸ ਅਧਿਕਾਰੀ ਸੰਜੀਵ ਚੋਪੜਾ ਦੀ ਕਿਤਾਬ ਹੋਈ ਰਿਲੀਜ਼
ਹੁਸ਼ਿਆਰਪੁਰ, 18 ਸਤੰਬਰ 2023: ਜ਼ਿਲ੍ਹਾ ਪ੍ਰਸ਼ਾਸਨ ਤੇ ਹੁਸ਼ਿਆਰਪੁਰ ਲਿਟਰੇਰੀ ਸੁਸਾਇਟੀ ਵਲੋਂ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਬੱਚਿਆਂ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਗਾਈਡ ਕੀਤਾ ਗਿਆ ਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਸਾਬਕਾ ਆਈ.ਏ.ਐਸ ਅਫ਼ਸਰ ਅਤੇ ਲੇਖਕ ਸੰਜੀਵ ਚੋਪੜਾ ਅਤੇ ਆਈ.ਏ.ਐਸ ਅਧਿਕਾਰੀ ਦਿਵਿਆ.ਪੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਸਬੰਧੀ ਨੁਕਤੇ ਦੱਸੇ। ਇਸ ਦੌਰਾਨ ਸਾਬਕਾ ਆਈ.ਏ.ਐਸ ਅਫ਼ਸਰ ਅਤੇ ਲੇਖਕ ਸੰਜੀਵ ਚੋਪੜਾ ਦੀ ਪੁਸਤਕ ਦਾ ‘ਵੀ ਦ ਪੀਪੁਲ ਆਫ਼ ਦ ਸਟੇਟਸ ਆਫ਼ ਭਾਰਤ: ਦ ਮੇਕਿੰਗ ਐਂਡ ਰੀਮੇਕਿੰਗ ਆਫ਼ ਇੰਡੀਆਜ਼ ਇੰਟਰਨਲ ਬਾਊਂਡਰੀਜ਼’ ਰਿਲੀਜ਼ ਕੀਤੀ ਗਈ। ਇਹ ਪੁਸਤਕ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਕਾਫ਼ੀ ਮਹੱਤਵਪੂਰਨ ਹੈ। ਇਸ ਮੌਕੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਅਤੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸੈਮੀਨਾਰ ਵਿਚ ਸਰਕਾਰੀ ਕਾਲਜ, ਐਸ.ਡੀ. ਕਾਲਜ, ਡੀ.ਏ.ਵੀ ਕਾਲਜ, ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਵਿਦਿਆਰਥੀਆਂ ਤੋਂ ਇਲਾਵਾ ਲਾਇਬ੍ਰੇਰੀ ਦੇ ਰੀਡਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਾਬਕਾ ਆਈ.ਏ.ਐਸ. ਅਧਿਕਾਰੀ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਿਵਲ ਸੇਵਾਵਾਂ ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਦੀ ਤਿਆਰੀ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੀ ਪੁਸਤਕ ਬਾਰੇ ਪ੍ਰਕਾਸ ਪਾਉਂਦੇ ਹੋਏ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਦੇ ਭੂਗੋਲ ਅਤੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਡਿਜੀਟਲ ਲਾਇਬ੍ਰੇਰੀ ਵਿਚ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਹੁੰਦੇ ਰਹਿਣਗੇ।
ਆਈ.ਏ.ਐਸ ਅਧਿਕਾਰੀ ਦਿਵਿਆ.ਪੀ ਨੇ ਕਿਹਾ ਕਿ ਪ੍ਰੀਖਿਆ ਦੀ ਸਮੇਂ ਸਿਰ ਤਿਆਰੀ ਸ਼ੁਰੂ ਕੀਤੀ ਜਾਵੇ ਅਤੇ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਹਰ ਵਿਸ਼ਾ ਕਵਰ ਕੀਤਾ ਜਾਵੇ, ਤਾਂ ਕੋਈ ਵੀ ਵਿਦਿਆਰਥੀ ਸਿਵਲ ਸੇਵਾਵਾਂ ਪ੍ਰੀਖਿਆ ਨੂੰ ਪਾਸ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੀਆ ਨੋਟਸ ਬਣਾਉਣ ਨਾਲ ਵਿਦਿਆਰਥੀਆਂ ਨੂੰ ਸਿਲੇਬਸ ਕਵਰ ਕਰਨ ਵਿਚ ਕਾਫ਼ੀ ਸਹਾਇਤਾ ਮਿਲਦੀ ਹੈ, ਇਸ ਲਈ ਵਿਦਿਆਰਥੀ ਨੋਟਸ ਜ਼ਰੂਰ ਬਣਾਉਣ ਅਤੇ ਲਿਖ ਕੇ ਪੜ੍ਹਨ ਦੀ ਵੀ ਪ੍ਰੈਕਟਿਸ ਕਰਨ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਪੜ੍ਹਾਈ ਨੂੰ ਬੋਝ ਸਮਝ ਕੇ ਨਹੀਂ ਬਲਕਿ ਮਨ ਲਗਾ ਕੇ ਪੜ੍ਹਨ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ, ਲਾਇਬ੍ਰੇਰੀਅਨ ਵਿਜੇ ਕੁਮਾਰ ਵੀ ਮੌਜੂਦ ਸਨ।