ਚੰਡੀਗੜ੍ਹ ਨੂੰ ਬਣਾਵਾਂਗੇ ਦੇਸ਼ ਦਾ ਪਹਿਲਾ ਕਾਰਬਨ ਮੁਕਤ ਸ਼ਹਿਰ : ਧਰਮਪਾਲ
ਪ੍ਰਸ਼ਾਸਕ ਦੇ ਸਲਾਹਕਾਰ ਇੰਸ ਆਊਟ ਸਮਾਪਤੀ ਸਮਾਰੋਹ ’ਚ ਹੋਏ ਸ਼ਾਮਲ
ਵਾਤਾਵਰਣ ਪੱਖੀ ਅਤੇ ਮੁੜ ਵਰਤੋਂ ਯੋਗ ਸਮੱਗਰੀ ਤਿਆਰ ਕਰਨ ਬਿਲਡਿੰਗ ਕੰਪਨੀਆਂ
ਚੰਡੀਗੜ੍ਹ, 18 ਸਤੰਬਰ 2023: ਪ੍ਰਸ਼ਾਸਕ ਦੇ ਸਲਾਹਕਾਰ ਆਈ. ਏ. ਐੱਸ. ਧਰਮਪਾਲ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਸਾਫ਼ ਈਂਧਨ ਵਾਲੀਆਂ ਗੱਡੀਆਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਨੂੰ ਸਾਲ 2030 ਤੱਕ ਕਾਰਬਨ ਮੁਕਤ ਸ਼ਹਿਰ ਬਣਾਇਆ ਜਾਵੇਗਾ।
ਧਰਮਪਾਲ ਨੇ ਸੋਮਵਾਰ ਨੂੰ ਸੈਕਟਰ-17 ਦੇ ਪਰੇਡ ਗਰਾਊਂਡ ਵਿਖੇ ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ, ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਡੀਅਨ ਸੋਸਾਇਟੀ ਆਫ ਹੀਟਿੰਗ, ਰੈਫ੍ਰਿਜਰੇਟਿੰਗ ਐਂਡ ਏਅਰ ਕੰਡੀਸ਼ਨਿੰਗ ਇੰਜੀਨੀਅਰਜ਼ (ਇਸ਼ਰੇ), ਦਿ ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਗਏ ਨੌਵੇਂ ਚਾਰ ਰੋਜ਼ਾ ਇੰਸ ਐਂਡ ਆਊਟ ਸ਼ੋਅ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ਼ਹਿਰ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੂਰਜੀ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਥੇ ਪ੍ਰਸ਼ਾਸਨ ਵੱਲੋਂ ਈਵੀ ਬੱਸਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਕਈ ਸਰਕਾਰੀ ਅਦਾਰੇ ਵੀ ਸੂਰਜੀ ਊਰਜਾ ਵੱਲ ਰੁਖ ਕਰ ਚੁੱਕੇ ਹਨ। ਉਨ੍ਹਾਂ ਨੇ ਬਿਲਡਿੰਗ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਪੱਖੀ ਅਤੇ ਮੁੜ ਵਰਤੋਂ ਯੋਗ ਸਮੱਗਰੀ ਬਣਾਉਣ।
ਪ੍ਰਸ਼ਾਸਕ ਦੇ ਸਲਾਹਕਾਰ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਜਿੱਥੇ ਪੀ.ਐੱਚ.ਡੀ. ਚੈਂਬਰ ਨੇ ਇਮਾਰਤਾਂ ਦੀ ਉਸਾਰੀ ਵਿੱਚ ਲੱਗੀਆਂ ਕੰਪਨੀਆਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਹੈ, ਉੱਥੇ ਹੀ ਇਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵੀ ਵੱਧ ਰਹੀ ਹੈ।
ਪ੍ਰਸ਼ਾਸਕ ਦੇ ਸਲਾਹਕਾਰ ਨੇ ਕਿਹਾ ਕਿ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ ਵਿੱਚ ਟਿਕਾਊ ਡਿਜ਼ਾਈਨ, ਤਕਨਾਲੋਜੀ ਅਤੇ ਸੁਰੱਖਿਆ ਦੇ ਸਰਵਉੱਚ ਮਹੱਤਵ ਨੂੰ ਪਛਾਣਨਾ ਮਹੱਤਵਪੂਰਨ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਸਰਗਰਮ ਰੂਪ ’ਚ ਟਿਕਾਊ ਡਿਜ਼ਾਈਨ ਅਤੇ ਤਕਨਾਲੋਜੀ ਨਾਲ ਸਬੰਧਤ ਪਹਿਲਕਦਮੀਆਂ ਦਾ ਸਮਰਥਨ ਕਰ ਰਿਹਾ ਹੈ।
ਚੰਡੀਗੜ੍ਹ ਨੇ ਅਜਿਹੀਆਂ ਨੀਤੀਆਂ ਪੇਸ਼ ਕੀਤੀਆਂ ਹਨ ਜੋ ਉਸਾਰੀ ਪ੍ਰਾਜੈਕਟਾਂ ਵਿੱਚ ਹਰੀ ਇਮਾਰਤ ਸਮੱਗਰੀ ਅਤੇ ਊਰਜਾ-ਕੁਸ਼ਲ ਤਕਨਾਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਸਮਾਰਟ ਸ਼ਹਿਰਾਂ ਅਤੇ ਸਮਾਰਟ ਘਰਾਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਇਸ ਐਕਸਪੋ ਦੇ ਥੀਮ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਇਸ ਤੋਂ ਪਹਿਲਾਂ ਧਰਮਪਾਲ ਦਾ ਇੱਥੇ ਪਹੁੰਚਣ ’ਤੇ ਸਵਾਗਤ ਕਰਦਿਆਂ ਪੀ.ਐੱਚ.ਡੀ.ਸੀ.ਸੀ.ਆਈ. ਚੰਡੀਗੜ੍ਹ ਚੈਪਟਰ ਦੇ ਚੇਅਰਮੈ ਮਧੂਸੂਦਨ ਵਿਜ ਨੇ ਕਿਹਾ ਕਿ ਇਹ ਨੌਵਾਂ ਐਡੀਸ਼ਨ ਹੈ ਜਿਸ ਦਾ ਇਸ ਵਾਰ ਵਿਸਥਾਰ ਕੀਤਾ ਗਿਆ ਹੈ। ਇੱਥੇ ਨਾ ਸਿਰਫ਼ ਪਹਿਲਾਂ ਨਾਲੋਂ ਜ਼ਿਆਦਾ ਕਾਰੋਬਾਰੀ ਆਏ ਹਨ, ਸਗੋਂ ਪਿਛਲੇ ਚਾਰ ਦਿਨਾਂ ਵਿੱਚ 50 ਹਜ਼ਾਰ ਤੋਂ ਵੱਧ ਲੋਕ ਇੱਥੋਂ ਦਾ ਦੌਰਾ ਕਰ ਚੁੱਕੇ ਹਨ। ਇਸ ਮੌਕੇ ਪੀ.ਐੱਚ.ਡੀ.ਸੀ.ਸੀ.ਆਈ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਅਗਲੇ ਸਾਲ 7 ਤੋਂ 10 ਸਤੰਬਰ ਤੱਕ ਇੰਸ ਐਂਡ ਆਊਟ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਪੀ.ਐੱਚ.ਡੀ.ਸੀ.ਸੀ.ਆਈ ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਕਿਹਾ ਕਿ ਅਗਲੇ ਸਾਲ ਇੰਸ ਐਂਡ ਆਉਟ ਨੂੰ ਨਵੇਂ ਫਾਰਮੈਟ ਵਿੱਚ ਸ਼ਹਿਰ ਵਾਸੀਆਂ ਲਈ ਪੇਸ਼ ਕੀਤਾ ਜਾਵੇਗਾ। ਪੀ.ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਭਾਰਤੀ ਸੂਦ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਮੌਕੇ ਇੰਸ ਆਊਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।