ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡਾ. ਬਲਬੀਰ ਸਿੰਘ ਨੇ ਪਟਿਆਲਾ 'ਚ ਸ਼ੁਰੂ ਕਰਵਾਈ ਪੀ.ਐਨ.ਜੀ. ਘਰੇਲੂ ਰਸੋਈ ਗੈਸ ਦੀ ਸਪਲਾਈ
ਵਾਤਾਵਰਣ ਨੂੰ ਬਚਾਉਣ ਦੇ ਉਪਰਾਲੇ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ-ਅਮਨ ਅਰੋੜਾ
ਵਾਤਾਵਰਣ ਪੱਖੀ ਪੀ.ਐਨ.ਜੀ. ਰਸੋਈ ਗੈਸ ਔਰਤਾਂ ਦੀ ਜਿੰਦਗੀ ਕਰੇਗੀ ਆਸਾਨ-ਡਾ. ਬਲਬੀਰ ਸਿੰਘ
ਪਟਿਆਲਾ, 18 ਸਤੰਬਰ 2023: ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਟੌਰੈਂਟ ਗੈਸ ਦੀ ਪਾਇਪਡ ਕੁਦਰਤੀ ਗੈਸ ਸਪਲਾਈ ਦੀ ਸ਼ੁਰੂਆਤ ਕਰਵਾਈ। ਦੋਵਾਂ ਮੰਤਰੀਆਂ ਨੇ ਪਟਿਆਲਾ ਵਿਖੇ ਸ਼ੁਰੂ ਹੋਈ ਪੀ.ਐਨ.ਜੀ. ਘਰੇਲੂ ਰਸੋਈ ਗੈਸ ਸਪਲਾਈ ਨੂੰ ਨਿਵੇਕਲਾ ਉਪਰਾਲਾ ਦੱਸਦਿਆਂ ਇੱਥੇ ਕਰਵਾਏ ਇੱਕ ਸਮਾਰੋਹ ਮੌਕੇ ਸ਼ਹਿਰ ਦੇ ਪਹਿਲੇ 101 ਖਪਤਕਾਰਾਂ ਨੂੰ ਸਨਮਾਨਤ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਅੰਦਰ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਖੇਤਾਂ ਵਿੱਚ ਹਰ ਸਾਲ ਪੈਦਾ ਹੁੰਦੀ 20 ਮਿਲੀਅਨ ਟਨ ਝੋਨੇ ਦੀ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ 'ਤੇ ਆਧਾਰਿਤ 43 ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ) ਪ੍ਰਾਜੈਕਟ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ।
ਅਮਨ ਅਰੋੜਾ ਨੇ ਮੌਜੂਦਾ ਸਮੇਂ ਗਰੀਨ ਹਾਈਡਰੋਜਨ ਵੱਲ ਸੰਸਾਰ ਦੇ ਵੱਧਦੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਕਾਸ ਲਈ ਊਰਜਾ ਦੀ ਅਹਿਮ ਭੂਮਿਕਾ ਹੈ ਅਤੇ ਨਵਿਆਉਣਯੋਗ ਊਰਜਾ ਸੂਬੇ ਦੇ ਵਿਕਾਸ ਨੂੰ ਹੋਰ ਅੱਗੇ ਵਧਾ ਸਕਦੀ ਹੈ ਕਿਉਂ ਜੋ ਊਰਜਾ ਦਾ ਸਭ ਤੋਂ ਸਸਤਾ ਅਤੇ ਵਾਤਾਵਰਣ ਪੱਖੀ ਸਰੋਤ ਨਵਿਆਉਣਯੋਗ ਊਰਜਾ ਹੀ ਹੈ। ਉਨ੍ਹਾਂ ਦੱਸਿਆ ਕਿ 33 ਟਨ ਪ੍ਰਤੀ ਦਿਨ (ਟੀ.ਪੀ.ਡੀ.) ਤੋਂ ਵੱਧ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਸੰਗਰੂਰ ਜ਼ਿਲ੍ਹੇ ਵਿੱਚ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੋਣ 'ਤੇ, ਇਨ੍ਹਾਂ ਸਾਰੇ ਪ੍ਰਾਜੈਕਟਾਂ ਵਿੱਚ 515.58 ਟੀ.ਪੀ.ਡੀ ਸੀ.ਬੀ.ਜੀ. ਉਤਪਾਦਨ ਤੋਂ ਇਲਾਵਾ 2 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਸਾਲਾਨਾ ਖ਼ਪਤ ਹੋਵੇਗੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੀ.ਐਨ.ਜੀ. ਗੈਸ ਨੂੰ ਐਲ.ਪੀ.ਜੀ. ਦੇ ਮੁਕਾਬਲੇ ਸਸਤੀ, ਸੁਰੱਖਿਅਤ ਤੇ ਵਾਤਾਵਰਣ ਪੱਖੀ ਗੈਸ ਦੱਸਦਿਆਂ ਕਿਹਾ ਕਿ ਪਾਈਪਲਾਈਨ ਅਧਾਰਤ ਰਸੋਈ ਗੈਸ ਸਿਲੰਡਰ ਬਦਲਣ ਦੇ ਝੰਜਟ ਖਤਮ ਕਰਕੇ ਔਰਤਾਂ ਦੀ ਜਿੰਦਗੀ ਹੋਰ ਸੁਖਾਲੀ ਕਰੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਲਾਈਨ ਪੈਣ ਕਰਕੇ ਪੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਪੀ.ਐਨ.ਜੀ. ਗੈਸ ਦੇ ਅਰਬਨ ਅਸਟੇਟ ਵਿਚਲੇ ਖਪਤਕਾਰਾਂ ਨੂੰ ਵਧਾਈ ਵੀ ਦਿੱਤੀ।
ਟੌਰੈਂਟ ਗੈਸ ਦੇ ਕਾਰਜਕਾਰੀ ਡਾਇਰੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਗੈਸ ਐਲ.ਪੀ.ਜੀ. ਦੇ ਮੁਕਾਬਲੇ ਸਸਤੀ ਤੇ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ 3250 ਖਪਤਾਕਾਰ ਪਹਿਲੇ ਪੜਾਅ ਵਿੱਚ ਕੁਨੈਕਸ਼ਨ ਲੈ ਚੁੱਕੇ ਹਨ ਅਤੇ 2024 ਤੱਕ 20 ਹਜਾਰ ਖਪਤਾਕਾਰ ਜੋੜੇ ਜਾਣਗੇ। ਕੰਪਨੀ ਦੇ ਪਟਿਆਲਾ ਮੁਖੀ ਜਿਗਨੇਸ਼ ਅਰਾਵਤ ਨੇ ਧੰਨਵਾਦ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ, ਕਰਨਲ ਜੇਵੀ ਸਿੰਘ, ਬਲਵਿੰਦਰ ਸੈਣੀ ਤੇ ਪੀ.ਐਨ.ਜੀ. ਦੇ ਖਪਤਕਾਰਾਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।