ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਅਭਿਆਨ ਦੀ ਸ਼ੁਰੂਆਤ
ਪਟਿਆਲਾ, 18 ਸਤੰਬਰ 2023: ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਅਭਿਆਨ ਦੀ ਸ਼ੁਰੂਆਤ ਕਰਵਾਉਂਦਿਆਂ ਵਧੀਕ ਡਿਪਟੀ ਕਮੀਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇਹ ਅਭਿਆਨ ਪੂਰੇ ਜਿਲ੍ਹੇ ਵਿੱਚ 2 ਅਕਤੂਬਰ ਤੱਕ ਚੱਲੇਗਾ।ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਤਹਿਤ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਪੰਦਰਵਾੜੇ ਵਿੱਚ ਅਲੱਗ-ਅਲੱਗ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਬਾਕੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਇਹ ਅਭਿਆਨ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇ।
ਏ.ਡੀ.ਸੀ ਨੇ ਦੱਸਿਆ ਕਿ ਪਿੰਡਾਂ ਵਿੱਚ ਸਵਛਤਾ ਹੀ ਸੇਵਾ ਮੁਹਿਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ, ਸਵੱਛਤਾ ਰੈਲੀ, ਡੀ-ਸਲਜਿੰਗ ਮੁਹਿਮ, ਸਕੂਲਾਂ ਵਿੱਚ ਬਲਾਕ ਪੱਧਰੀ ਮੁਕਾਬਲੇ, ਜਿਲ੍ਹਾ ਅਤੇ ਬਲਾਕ ਪੱਧਰੀ ਸਾਫ਼-ਸਫਾਈ ਮੁਹਿਮ, ਸਫਾਈ ਮਿੱਤਰ ਸੁਰੱਖਿਆ ਕੈਂਪ, ਸਵੱਛਤਾ ਮੁਹਿੰਮ (ਪਿੰਡ ਦੀ ਸਾਫ਼-ਸਫਾਈ), ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਅਨੁਪ੍ਰਿਤਾ ਜੌਹਲ ਨੇ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਗਿੱਲੇ/ਸੁੱਕੇ ਕੂੜੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇ ਹੋਏ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁਕੰਮਲ ਹੋਏ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਵਾਇਆ ਜਾਵੇਗਾ ਤਾਂ ਜੋ ਲੋਕ ਵੱਧ ਤੋਂ ਵੱਧ ਇਨ੍ਹਾਂ ਪ੍ਰੋਜੈਕਟਾਂ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ ਇਸ ਪੰਦਰਵਾੜੇ ਦੌਰਾਨ ਜਿਆਦਾ ਤੋਂ ਜਿਆਦਾ ਪਿੰਡਾਂ ਨੂੰ ਓ.ਡੀ.ਐਫ. ਤੋਂ ਓ.ਡੀ.ਐਫ.ਪਲੱਸ ਬਣਾਉਣ ਲਈ ਇਸ ਅਭਿਆਨ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ।ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਿਪਨ ਸਿੰਗਲਾ, ਸੀਡੀਐਸ ਸੀਮਾ ਸੋਹਲ, ਆਈ.ਈ.ਸੀ. ਵੀਰਪਾਲ ਦਿਕਸ਼ਿਤ,ਜੇ.ਈਜ਼ ਕੰਵਲਜੀਤ ਸਿੰਘ ਤੇ ਅਕਾਸ਼ਦੀਪ ਸਿੰਘ, ਬੀ.ਆਰ.ਸੀ.ਬਲਵਿੰਦਰ ਸਿੰਘ ਵੀ ਇਸ ਸਮੇਂ ਹਾਜ਼ਰ ਸਨ।