ਜਿਲ੍ਹੇ ਦੇ ਸਮੂਹ ਕਾਨੂੰਗੋ ਤੇ ਪਟਵਾਰੀ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ: ਡਿਪਟੀ ਕਮਿਸ਼ਨਰ
ਰੂਪਨਗਰ, 18 ਸਤੰਬਰ 2023: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜਿਲ੍ਹੇ ਦੇ ਸਮੂਹ ਕਾਨੂੰਗੋ ਅਤੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਵਲੋਂ ਅਕਸਰ ਇਹ ਮੰਗ ਕੀਤੀ ਜਾਂਦੀ ਸੀ ਕਿ ਜੇਕਰ ਉਹ ਕਿਸੇ ਵੀ ਸਮੇਂ ਪਟਵਾਰਖਾਨਾ ਵਿਖੇ ਤਹਿਸੀਲ ਦਫਤਰ ਵਿਚ ਆਪਣੇ ਕੰਮਾਂ ਸਬੰਧੀ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਕਾਨੂੰਗੋ ਪਟਵਾਰੀਆਂ ਦੇ ਦਫਤਰ ਵਿੱਚ ਨਾ ਮਿਲਣ ਕਾਰਨ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਵੀ ਆਪਣੇ ਕੰਮ-ਕਾਰ ਛੱਡ ਕੇ ਕਾਨੂੰਗੋ ਜਾਂ ਪਟਵਾਰੀ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਆਉਂਦੇ ਹਨ ਤਾਂ ਉਹ ਜਿਆਦਾਤਰ ਦਫ਼ਤਰ ਦੀ ਬਜਾਏ ਫੀਲਡ ਵਿੱਚ ਹੀ ਹੁੰਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਖੱਜਲ-ਖੁਆਰੀ ਹੁੰਦੀ ਹੈ।
ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਪ੍ਰੀਤੀ ਯਾਦਵ ਨੇ ਜਿਲ੍ਹੇ ਦੇ ਸਮੂਹ ਕਾਨੂੰਗੋ/ਪਟਵਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਹਨ ਕਿ ਉਹ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਨਿਰਧਾਰਿਤ ਡਿਊਟੀ ਸਥਾਨ ਭਾਵ ਦਫ਼ਤਰ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਉਹਨਾਂ ਦੇ ਕੰਮ-ਕਾਜ ਕਰਨਗੇ ਅਤੇ ਸਵੇਰੇ 9 ਵਜੇ ਤੋਂ ਪਹਿਲਾਂ ਅਤੇ 11 ਵਜੇ ਤੋਂ ਬਾਅਦ ਜੇਕਰ ਲੋੜੀਂਦਾ ਹੋਵੇ ਤਾਂ ਇੰਚਾਰਜ ਕਾਨੂੰਗੋ ਨੂੰ ਦੱਸਕੇ ਮੂਵਮੈਂਟ ਰਜਿਸਟਰ ਵਿੱਚ ਐਂਟਰੀ ਕਰਕੇ ਫੀਲਡ ਵਿਚ ਜਾਣਗੇ।
ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਫਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 11 ਵਜੇ ਦੇ ਵਿਚਕਾਰ ਪਟਵਾਰਖਾਨਾ ਤੇ ਤਹਿਸੀਲ ਦਫਤਰਾਂ ਵਿਚ ਪਹੁੰਚ ਕਰਕੇ ਆਪਣਾ ਕੰਮ ਕਰਵਾ ਸਕਦੇ ਹਨ।