ਮੰਗਾਂ ਸਬੰਧੀ ਸਾਬਕਾ ਫੌਜ਼ੀਆਂ ਨੇ ਸਪੀਕਰ ਸੰਧਵਾਂ ਦੇ ਨਾਮ ਭੇਜਿਆ ਮੰਗ ਪੱਤਰ
ਕੋਟਕਪੂਰਾ, 18 ਸਤੰਬਰ 2023: ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਦੀ ਮਹੀਨਾਵਾਰੀ ਮੀਟਿੰਗ ਦੌਰਾਨ ਜਥੇਬੰਦੀ ਦੇ ਮੁੱਖ ਦਫਤਰ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਸ਼ਿਰਕਤ ਕੀਤੀ। ਉਹਨਾਂ ਨਾਲ ਵਿਸ਼ੇਸ਼ ਤੌਰ ’ਤੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਦੀਪ ਸਿੰਘ ਮਿੰਟੂ ਗਿੱਲ, ਸੁਖਦੇਵ ਸਿੰਘ ਪਦਮ, ਸੁਖਵਿੰਦਰ ਸਿੰਘ ਗਿੱਲ ਆਦਿ ਵੀ ਹਾਜਰ ਸਨ। ਕੈਪਟਨ ਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਉਕਤ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਭੱਟੀ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਸਾਬਕਾ ਫੌਜ਼ੀਆਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ। ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਜੇਕਰ ਦੇਸ਼ ਭਗਤਾਂ, ਅਧਿਆਪਕਾਂ ਅਤੇ ਫੌਜ਼ੀਆਂ ਦਾ ਮਾਣ ਸਤਿਕਾਰ ਬਰਕਰਾਰ ਰਹੇਗਾ ਤਾਂ ਹੀ ਦੇਸ਼ ਤਰੱਕੀ ਕਰੇਗਾ। ਜਥੇਬੰਦੀ ਵਲੋਂ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਬੀਰਇੰਦਰ ਸਿੰਘ ਨੂੰ ਸੌਂਪੇ ਮੰਗ ਪੱਤਰ ਤੋਂ ਬਾਅਦ ਬੀਰਇੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਾਜਬ ਮੰਗਾ ਮੰਨਣ ਦਾ ਭਰੋਸਾ ਦਿੰਦਿਆਂ ਆਖਿਆ ਕਿ ਉਹਨਾਂ ਦੀਆਂ ਮੰਗਾਂ ਦੀ ਕਾਪੀ ਅੱਜ ਹੀ ਸਪੀਕਰ ਸੰਧਵਾਂ ਦੇ ਦਫਤਰ ਚੰਡੀਗੜ ਵਿਖੇ ਭੇਜ ਦਿੱਤੀ ਜਾਵੇਗੀ। ਪੇ੍ਰਮਜੀਤ ਸਿੰਘ ਬਰਾੜ ਅਤੇ ਕੈਪਟਨ ਜਰਨੈਲ ਸਿੰਘ ਨੇ ਰੋਸ ਪ੍ਰਗਟਾਇਆ ਕਿ ਸਾਬਕਾ ਫੌਜ਼ੀਆਂ ਨੂੰ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਲੋਂ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੈਪਟਨ ਬਸੰਤ ਸਿੰਘ, ਕੈਪ. ਗੁਰਜੰਟ ਸਿੰਘ, ਕੈਪ. ਨਰਿੰਦਰ ਸਿੰਘ, ਗੁਰਦੀਪ ਸਿੰਘ, ਪ੍ਰਭ ਦਿਆਲ, ਰਾਮ ਕਿ੍ਰਸ਼ਨ ਆਦਿ ਨੇ ਵੀ ਸੰਬੋਧਨ ਕੀਤਾ।