ਸਪੀਕਰ ਸੰਧਵਾਂ ਨੇ ਮਿਉਸਪਲ ਪਾਰਕ ਦੀ ਸੁੰਦਰਤਾ ’ਚ ਵਾਧਾ ਕਰਨ ਲਈ ਸੌਂਪਿਆ 5 ਲੱਖ ਦਾ ਚੈੱਕ
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪਾਰਕ ਦੀ ਕੀਤੀ ਜਾ ਰਹੀ ਹੈ ਸੰਭਾਲ : ਢਿੱਲੋਂ
ਕੋਟਕਪੂਰਾ, 18 ਸਤੰਬਰ 2023: ਪਾਰਕਾਂ ਦੀ ਸੰਭਾਲ ਇਸ ਲਈ ਵੀ ਬਹੁਤ ਜਰੂਰੀ ਹੈ ਕਿ ਸ਼ਹਿਰ ਵਾਸੀਆਂ ਨੂੰ ਸੈਰ ਕਰਨ ਦੀ ਆਦਤ ਪਵੇ ਤਾਂ ਜੋ ਹਰ ਸ਼ਹਿਰ ਵਾਸੀ ਪਾਰਕਾਂ ਵਿੱਚ ਤਾਜੀ ਹਵਾ ਲੈ ਕੇ ਬਿਮਾਰੀਆਂ ਤੋਂ ਬਚਿਆ ਰਹੇ ਅਤੇ ਤੰਦਰੁਸਤੀ ਵਾਲਾ ਜੀਵਨ ਬਤੀਤ ਕਰੇ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜਰੀ ਵਿੱਚ ਮਿਉਸਪਲ ਪਾਰਕ ਦੀ ਸਾਂਭ ਸੰਭਾਲ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜੇਕਰ ਇਸ ਪਾਰਕ ਨੂੰ ਚੰਡੀਗੜ ਵਰਗੇ ਪਾਰਕਾਂ ਤੋਂ ਵੀ ਵਧੀਆ ਬਣਾਉਣ ਦੇ ਯਤਨ ਕੀਤੇ ਜਾਣ ਤਾਂ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਵਾਲੇ ਪਾਰਕ ਵਿੱਚ ਲੱਗੇ ਵੱਖ ਵੱਖ ਕਿਸਮਾ ਦੇ ਫੁੱਲਦਾਰ ਅਤੇ ਛਾਂਦਾਰ ਦਰੱਖਤਾਂ ਦਾ ਜਿਕਰ ਕਰਦਿਆਂ ਉਹਨਾਂ ਆਖਿਆ ਕਿ ਜਿੱਥੇ ਇਸ ਨਾਲ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ, ਉੱਥੇ ਇਹ ਦਰੱਖਤ ਸਾਨੂੰ ਆਕਸੀਜਨ ਵੀ ਮੁਹੱਈਆ ਕਰਵਾਉਂਦੇ ਹਨ। ਡਾ ਢਿੱਲੋਂ ਨੇ ਦੱਸਿਆ ਕਿ ਕਰੀਬ 50 ਹਜਾਰ ਰੁਪਏ ਦੀ ਮਹਿੰਗੀ ਕੀਮਤ ਦੇ ਅਨੇਕਾਂ ਬੂਟੇ ਲਾਏ ਗਏ ਹਨ, ਜਿੰਨਾ ਲਈ ਬਕਾਇਦਾ ਮਾਲੀ ਅਤੇ ਸਫਾਈ ਸੇਵਕ ਵੀ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਖਰਚੇ ’ਤੇ ਉੱਥੇ ਡਿਊਟੀ ਦਿੰਦੇ ਹਨ। ਪੱਪੂ ਲਹੌਰੀਆ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਪੰਜ ਲੱਖ ਦੀ ਬਜਾਇ 10 ਲੱਖ ਰੁਪਿਆ ਪਾਰਕ ਉੱਪਰ ਖਰਚ ਕਰਨਗੇ। ਸਪੀਕਰ ਸੰਧਵਾਂ ਨੇ ਦੱਸਿਆ ਕਿ ਗਰਾਂਟਾਂ ਲਈ ਮਿਲਣ ਵਾਲੀ ਰਕਮ ਦਾ ਕੋਟਾ ਘੱਟ ਜਾਣ ਕਾਰਨ ਪੰਜ ਲੱਖ ਰੁਪਏ ਦਾ ਚੈੱਕ ਅਗਲੀ ਟਰਮ ਵਿੱਚ ਮੁਹੱਈਆ ਕਰਵਾਇਆ ਜਾਵੇਗਾ।