ਸਾਰੇ ਰਾਜਨੀਤਕ ਦਲ ਮਿਲ ਕੇ ਆਪਣੇ ਦੇਸ਼ ਦਾ ਨਾਮ 'ਭਾਰਤ' ਕਰਨ ਦੀ ਕੋਸ਼ਿਸ਼ ਕਰਨ - ਠਾਕੁਰ ਦਲੀਪ ਸਿੰਘ
ਹਰਦਮ ਮਾਨ
ਸਰੀ, 18 ਸਤੰਬਰ 2023: ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਾਰੇ ਰਾਜਨੀਤਕ ਦਲਾਂ ਨੂੰ, ਖਾਸ ਕਰਕੇ, ਭਾਜਪਾ-ਵਿਰੋਧੀ ਰਾਜਨੀਤਕ ਦਲਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ “ਕਿਸੇ ਵੀ ਭਾਰਤੀ ਭਾਸ਼ਾ ਅਤੇ ਪੁਰਾਤਨ ਗ੍ਰੰਥਾਂ ਵਿੱਚ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਨਹੀਂ ਹੈ। ਪੁਰਾਤਨ ਭਾਰਤੀ ਸਾਹਿਤ ਜਿਵੇਂ ਰਿਗਵੇਦ, ਵਿਸ਼ਨੂੰ ਪੁਰਾਣ ਆਦਿ ਵੇਦਾਂ-ਪੁਰਾਣਾਂ ਵਿੱਚ ਅਤੇ ਭਾਰਤੀ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਮਲਿਆਲਮ, ਤਾਮਿਲ ਆਦਿ ਵਿੱਚ 'ਭਾਰਤ', 'ਭਾਰਤਮ' ਜਾਂ ‘ਭਾਰਤਵਰਸ਼’ ਆਦਿ ਥੋੜ੍ਹੇ-ਥੋੜ੍ਹੇ ਫਰਕ ਨਾਲ ਇਹੀ ਨਾਮ ਹਨ। ਉਨ੍ਹਾਂ ਰਾਜਨੀਤਕ ਦਲਾਂ ਨੂੰ ਕਿਹਾ ਕਿ ਭਾਰਤੀ ਹੋਣ ਦੇ ਨਾਤੇ 'ਭਾਰਤ' ਨਾਮ ਨੂੰ ਸਵੀਕਾਰ ਕਰੋ। ਭਾਜਪਾ ਵੱਲੋਂ ਸਾਡੇ ਦੇਸ਼ ਦਾ ਅਸਲੀ ਨਾਮ ‘ਭਾਰਤ’ ਸਥਾਪਿਤ ਕਰਨ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਪੂਰਨ ਰੂਪ ਵਿੱਚ ਖੁੱਲ੍ਹ ਕੇ ਸਮਰਥਨ ਕਰੋ ਅਤੇ ਇਸ ਸ਼ੁਭ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਮੋਹਰੀ ਹੋ ਕੇ ਕਾਰਜ ਕਰੋ।
ਸਾਰੇ ਰਾਜਨੀਤਕ ਦਲਾਂ ਨੂੰ ਸੰਬੋਧਨ ਕਰਦਿਆਂ ਨਾਮਧਾਰੀ ਮੁਖੀ ਨੇ ਕਿਹਾ ਕਿ ਜੇਕਰ ਤੁਸੀਂ 'ਭਾਰਤ' ਨਾਮ ਦਾ ਸਮਰਥਨ ਕਰੋਗੇ, ਤਾਂ ਇਸ ਨਾਲ ਤੁਹਾਡੀਆਂ ਵੋਟਾਂ ਨਹੀਂ ਘਟਣਗੀਆਂ, ਸਗੋਂ ਪਹਿਲਾਂ ਤੋਂ ਵੀ ਵੱਧ ਮਿਲਣਗੀਆਂ। ਅਜਿਹਾ ਕਰਨ ਨਾਲ ਤੁਹਾਡੇ 'I.N.D.I.A.' ਗੱਠਜੋੜ ਉੱਤੇ ਵੀ ਕੋਈ ਅਸਰ ਨਹੀਂ ਪਵੇਗਾ ਬਲਕਿ ਲਾਭ ਹੀ ਹੋਵੇਗਾ ਕਿਉਂਕਿ ਲੋਕਾਂ ਦੇ ਮਨਾਂ ਵਿੱਚ ‘ਇੰਡੀਆ’ ਨਾਮ, ਜੋ ਸੈਂਕੜੇ ਸਾਲਾਂ ਤੋਂ ਬੈਠਿਆ ਹੋਇਆ ਹੈ; ਉਹ ਏਨੀ ਜਲਦੀ ਬਾਹਰ ਨਹੀਂ ਨਿਕਲੇਗਾ। ਤੁਸੀਂ ਜੋ 'I.N.D.I.A.' ਗੱਠਜੋੜ ਬਣਾਇਆ ਹੈ ਉਸਦਾ ਲਾਭ ਲੈਂਦੇ ਰਹੋ। ਤੁਹਾਡੀ ਸਾਰੇ ਰਾਜਨੀਤਕ ਦਲਾਂ ਦੀ ਆਪਣੀ ਇੱਕ ਬਹੁਤ ਵੱਡੀ ਪਛਾਣ ਅਤੇ ਪ੍ਰਭਾਵ ਹੈ। ਭਾਜਪਾ ਵੱਲੋਂ ਦੇਸ਼ ਦੇ ਸੰਵਿਧਾਨ ਅਤੇ ਹਰ ਥਾਂ ਸਾਡੇ ਦੇਸ਼ ਦਾ ਨਾਂ ਬਦਲ ਕੇ ‘ਭਾਰਤ’ ਕਰਨ ਨਾਲ ਤੁਹਾਡੇ ਪ੍ਰਭਾਵ ਵਿੱਚ ਕੋਈ ਫਰਕ ਨਹੀਂ ਪਵੇਗਾ। ਪਰ ਜੇ ਤੁਸੀਂ 'ਭਾਰਤ' ਨਾਮ ਦਾ ਵਿਰੋਧ ਕਰਦੇ ਹੋ ਤਾਂ ਇਸ ਨਾਲ ਲੋਕ ਤੁਹਾਡੇ ਵਿਰੁੱਧ ਹੋ ਜਾਣਗੇ। ਲੋਕ ਸਮਝਣਗੇ ਕਿ "ਤੁਸੀਂ ਦੇਸ਼-ਪ੍ਰੇਮੀ ਨਹੀਂ; ਤੁਸੀਂ ਦੇਸ਼-ਵਿਰੋਧੀ ਹੋ ਕਿਉਂਕਿ, ਤੁਸੀਂ ਗੁਲਾਮੀ ਦਾ ਕਲੰਕ-ਚਿੰਨ ‘ਇੰਡੀਆ’ ਨਾਮ ਰੱਖਣਾ ਚਾਹੁੰਦੇ ਹੋ"।
ਨਾਮਧਾਰੀ ਮੁਖੀ ਨੇ ਸਾਰੇ ਰਾਜਨੀਤਕ ਦਲਾਂ ਨੂੰ ਅਪੀਲ ਕਰਦਿਆਂ ਕਿਹਾ, “ਸਾਡੇ ਦੇਸ਼ ਦਾ ਪ੍ਰਾਚੀਨ, ਅਸਲੀ ‘ਭਾਰਤ’ ਨਾਮ ਸਦਾ ਲਈ ਸਥਾਪਿਤ ਅਤੇ ਪਰਪੱਕ ਕਰਨ ਦੇ ਸ਼ੁਭ ਕਾਰਜ ਨੂੰ ਸੰਪੰਨ ਕਰਨ ਲਈ ਪੂਰਨ ਰੂਪ ਵਿੱਚ ਭਾਜਪਾ ਦੀ ਸਹਾਇਤਾ ਕਰੋ। ਇਹ ਸ਼ੁਭ ਕਾਰਜ ਕਰਕੇ ਲੋਕਾਂ ਨੂੰ ਦੱਸੋ ਕਿ "ਅਸੀਂ ਚੰਗੇ ਕੰਮਾਂ ਵਿੱਚ ਮੋਹਰੀ ਹਾਂ ਅਤੇ ਭਾਜਪਾ ਵੱਲੋਂ ਦੇਸ਼-ਹਿੱਤ ਵਿੱਚ ਕੀਤੇ ਜਾ ਰਹੇ ਚੰਗੇ ਕੰਮਾਂ ਵਿੱਚ ਉਨ੍ਹਾਂ ਨਾਲ ਸਹਿਮਤ ਹਾਂ।" ਇਸ ਨਾਲ ਤੁਹਾਡੀ ਲੋਕਪ੍ਰਿਅਤਾ ਵਧੇਗੀ, ਘਟੇਗੀ ਨਹੀਂ। ਵੈਸੇ ਵੀ, ਤੁਸੀਂ ਆਪਣੇ ਗਠਜੋੜ ਨੂੰ ਜੋ 'I.N.D.I.A.' ਨਾਮ ਦਿੱਤਾ ਹੈ, ਉਸ ਦਾ ਅਰਥ 'ਭਾਰਤ' ਦੇਸ਼ ਤਾਂ ਹੈ ਹੀ ਨਹੀਂ। ਫਿਰ ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ? ਆਪਣੀ ਲੋਕਪ੍ਰਿਅਤਾ ਵਧਾਉਣ ਲਈ ਅਤੇ ਵੱਧ ਵੋਟਾਂ ਲੈਣ ਲਈ ਹਰ ਇੱਕ ਥਾਂ 'ਭਾਰਤ' ਨਾਮ ਨੂੰ ਸਥਾਪਿਤ ਕਰਨ ਅਤੇ ਹਰੇਕ ਥਾਂ ਤੋਂ ‘ਇੰਡੀਆ’ ਨਾਮ ਨੂੰ ਖਤਮ ਕਰਨ ਵਿੱਚ ਭਾਜਪਾ ਦਾ ਪੂਰਾ ਸਹਿਯੋਗ ਦਿਓ”।