← ਪਿਛੇ ਪਰਤੋ
ਕਿਸਾਨ ਆਗੂ ਦੇ ਭਰਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਘਰ ਆ ਕੇ ਮਾਰੀ ਗੋਲੀ ਰੋਹਿਤ ਗੁਪਤਾ ਗੁਰਦਾਸਪੁਰ 18 ਸਤੰਬਰ 2023: ਕਸਬਾ ਕਲਾਨੌਰ ਵਿਖੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਕਾਹਲੋਂ ਨੂੰ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ ਜੋ ਉਸ ਦੇ ਪੱਟ ਨੂੰ ਚੀਰਦੀ ਹੋਈ ਆਰ ਪਾਰ ਹੋ ਗਈ ਜਿਸਨੂੰ ਪਹਿਲਾਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਅਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕਲਾਨੌਰ ਤੋਂ ਬਾਹਰ ਪੈਂਦੇ ਆਪਣੇ ਡੇਰੇ ਤੇ ਆਪਣੇ ਘਰ ਵਿੱਚ ਬੈਠਾ ਮੋਬਾਈਲ ਫ਼ੋਨ ਦੇਖ ਰਿਹਾ ਸੀ। ਇਸ ਦੌਰਾਨ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਵਿੱਚੋਂ ਪਹਿਲਾਂ ਇੱਕ ਨੌਜਵਾਨ ਨੇ ਅੰਦਰ ਦਾਖ਼ਲ ਹੋ ਕੇ ਹਰਪ੍ਰੀਤ ਨੂੰ ਕਿਹਾ ਕਿ ਗਿਆਨ ਸਾਗਰ ਕਾਲਜ ਤੁਹਾਡਾ ਹੈ ਅਤੇ ਉਥੇ ਅਹਾਤਾ ਖੋਲ੍ਹਣਾ ਹੈ ।ਇੰਨੀ ਗੱਲ ਕਰ ਰਿਹਾ ਸੀ ਕਿ ਦੂਸਰੇ ਮੋਟਰਸਾਈਕਲ ਸਵਾਰ ਨੇ ਅੰਦਰ ਹੋ ਕੇ ਉਸਦੇ ਗੋਲੀ ਮਾਰ ਦਿੱਤੀ ਜੋ ਹਰਪ੍ਰੀਤ ਸਿੰਘ ਦੇ ਪੱਟ ਵਿੱਚ ਵੱਜੀ। ਇਸ ਮੌਕੇ ਜਖਮੀ ਹੋਏ ਹਰਪ੍ਰੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਕਮਰੇ ਵਿੱਚ ਸੀ ਅਤੇ ਉਸਨੇ ਗੋਲੀ ਦੀ ਆਵਾਜ਼ ਸੁਣੀ ਅਤੇ ਜਦੋਂ ਬਾਹਰ ਆਈ ਤਾਂ ਵੇਖਿਆ ਕਿ ਉਸ ਦਾ ਪਤੀ ਖੂਨ ਨਾਲ ਲੱਥ ਪੱਥ ਸੀ ਜਿੱਥੇ ਤੁਰੰਤ ਹਰਪ੍ਰੀਤ ਸਿੰਘ ਨੂੰ ਪਰਿਵਾਰਕ ਜੀਆਂ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖ਼ਲ ਕਰਵਾਇਆ ਅਤੇ ਬਾਅਦ ਵਿੱਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਜਾਇਆ ਗਿਆ। ਇਸ ਮਾਮਲੇ ਦੇ ਵਿਚ ਕਲਾਨੌਰ ਪੁਲੀਸ ਨਾਲ ਗਲਬਾਤ ਕੀਤੀ ਤਾਂ ਐਸ ਐਚ ਓ ਮੇਜਰ ਸਿੰਘ ਨੇ ਗੋਲੀ ਚੱਲਣ ਦੀ ਵਾਰਦਾਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੌਕੇ ਤੋਂ ਪਿਸਟਲ ਦੀ ਗੋਲੀ ਦਾ ਇਕ ਖੋਲ ਬਰਾਮਦ ਹੋਇਆ ਹੈ।ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਸ ਪਾਸ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਵਾਰਦਾਤ ਨੂੰ ਅੰਜਾਮ ਵਾਲੇ ਨੌਜਵਾਨਾ ਨੂੰ ਕਾਬੂ ਕਰ ਲਿਆ ਜਾਵੇਗਾ।
Total Responses : 50