← ਪਿਛੇ ਪਰਤੋ
ਸਕੂਲੀ ਖੇਡਾਂ ਵਿੱਚ ਕਿਸੇ ਬੱਚੇ ਨਾਲ ਨਹੀਂ ਕੀਤਾ ਗਿਆ ਕਿਸੇ ਵੀ ਅਧਾਰ ਉਤੇ ਵਿਤਕਰਾ: ਐਸ.ਡੀ.ਐਮ ਨਵਦੀਪ ਕੁਮਾਰ ਕਿਹਾ ਵਿਦਿਆਰਥੀ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਪਾਕੇ 20 ਸਤੰਬਰ ਨੂੰ ਦੁਬਾਰਾ ਖੇਡੇਗਾ ਪਾਤੜਾਂ, 18 ਸਤੰਬਰ 2023: ਪਾਤੜਾਂ ਦੇ ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਚੱਲ ਰਹੀਆਂ ਸਕੂਲੀ ਖੇਡਾਂ ਦੌਰਾਨ ਪਿੰਡ ਬਣਵਾਲਾ ਦੇ ਵਾਸੀ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਨੂੰ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਨਾ ਪਾਉਣ ਕਰਕੇ ਸਕੇਟਿੰਗ ਖੇਡਣ ਤੋਂ ਰੋਕਣ ਦੇ ਪੈਦਾ ਹੋਏ ਮਸਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਇਸ ਮਸਲੇ ਨੂੰ ਨਜਿੱਠਣ ਲਈ ਐਸ.ਡੀ.ਐਮ. ਦਫ਼ਤਰ ਵਿਖੇ ਬੱਚੇ ਦੇ ਮਾਪਿਆਂ ਅਤੇ ਖੇਡ ਪ੍ਰਬੰਧਕਾਂ ਦਰਮਿਆਨ ਹੋਈ ਮੀਟਿੰਗ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ ਕਨਵੀਨਰ ਪਰਮਜੀਤ ਸਿੰਘ ਸੋਹੀ ਅਤੇ ਵਿਦਿਆਰਥੀ ਰਿਆਜ਼ਪ੍ਰਤਾਪ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਤੇ ਮਾਤਾ ਵੀ ਮੌਜੂਦ ਸਨ। ਐਸ.ਡੀ.ਐਮ ਨਵਦੀਪ ਕੁਮਾਰ ਨੇ ਦੱਸਿਆ ਕਿ ਭਵਿੱਖ ਵਿੱਚ ਸਾਰੀਆਂ ਖੇਡਾਂ ਵਿੱਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਪ੍ਰਬੰਧਕ ਇਹ ਵੀ ਯਕੀਨੀ ਬਣਾਉਣਗੇ ਕਿ ਸਾਰੇ ਖਿਡਾਰੀ ਸਾਰੇ ਸੁਰੱਖਿਆ ਮਾਪਦੰਡ ਪੂਰੇ ਕਰਨ ਅਤੇ ਸੇਫਟੀਗੇਅਰ ਪਾਕੇ ਹੀ ਖੇਡਣਗੇ ਜਦਕਿ ਖੇਡਾਂ ਦੌਰਾਨ ਖਿਡਾਰੀਆਂ ਦੀ ਸੁਰੱਖਿਆ ਨੂੰ ਪ੍ਰਮੁੱਖਤਾ ਵੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਪਿਆਂ ਨਾਲ ਕੀਤੀ ਗਈ ਬੈਠਕ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਬੱਚੇ ਨਾਲ ਕਿਸੇ ਵੀ ਅਧਾਰ ਉਤੇ ਕਿਸੇ ਤਰ੍ਹਾਂ ਦਾ ਪੱਖਪਾਤ ਜਾਂ ਕੋਈ ਵਿਤਕਰਾ ਨਹੀਂ ਕੀਤਾ ਗਿਆ।ਸਗੋਂ ਉਸਨੂੰ ਕੇਵਲ ਸੇਫਟੀ ਗੇਅਰ ਨਾ ਪਾਉਣ ਕਰਕੇ ਡਿਸਕੁਆਲੀਫਾਈ ਵੀ ਕੀਤਾ ਗਿਆ ਅਤੇ ਉਹ ਬੱਚਾ ਹੁਣ ਆਪਣੀ ਸਹਿਮਤੀ ਨਾਲ ਸੁਰੱਖਿਆ ਦੇ ਲਿਹਾਜ ਨਾਲ ਸੇਫਟੀਗੇਅਰ ਪਾ ਕੇ 20 ਸਤੰਬਰ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲਵੇਗਾ। ਐਸ.ਡੀ.ਐਮ ਨਵਦੀਪ ਕੁਮਾਰ ਨੇ ਹੋਰ ਦੱਸਿਆ ਕਿ ਪਿਛਲੀਆਂ ਖੇਡਾਂ ਵਿੱਚ ਸਾਰੇ ਬੱਚੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਸਭ ਨੇ ਸਿਰ ਦੀ ਸੱਟ ਤੋਂ ਸੁਰੱਖਿਆ ਲਈ ਸੇਫਟੀਗੇਅਰ ਪਾਇਆ ਹੋਇਆ ਸੀ। ਖੇਡ ਪ੍ਰਬੰਧਕਾਂ ਵੱਲੋਂ ਇਸ ਬੱਚੇ ਨੂੰ ਸੇਟਫੀਗੇਅਰ ਪਾਉਣ ਲਈ ਹੀ ਕਿਹਾ ਗਿਆ ਸੀ ਅਤੇ ਇਹ ਕਿਸੇ ਵਿਸ਼ੇਸ਼ ਧਰਮ ਨਾਲ ਪੱਖਪਾਤ ਕਰਕੇ ਖੇਡਣ ਤੋਂ ਨਹੀਂ ਰੋਕਣ ਵਰਗਾ ਕੋਈ ਮਸਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾ ਲਿਆ ਗਿਆ ਹੈ।
Total Responses : 70