ਮੋਹਾਲੀ ਸ਼ਹਿਰ ਦੇ ਮਸਲਿਆਂ ਦੇ ਹੱਲ ਲਈ ਕਈ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਹੋਇਆ ਵੱਡਾ ਇਕੱਠ
ਸ਼ਹਿਰ ਦੇ ਚੌਤਰਫ਼ਾ ਵਿਕਾਸ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਲੋਕ ਮਸਲਿਆਂ ’ਤੇ ਹੋਈਆਂ ਗੰਭੀਰ ਵਿਚਾਰਾਂ
ਹਮਖ਼ਿਆਲ ਧਿਰਾਂ ਨੂੰ ਮਿਲ ਕੇ ਜ਼ੋਰਦਾਰ ਯਤਨ ਵਿੱਢਣ ਦਾ ਸੱਦਾ
ਮੋਹਾਲੀ ਸ਼ਹਿਰ ’ਚ ਪੰਜਾਬੀ ਭਵਨ ਉਸਾਰਨ ਦੀ ਮੰਗ, ਲੋਕਲ ਬੱਸ ਸੇਵਾ ਜਲਦ ਸ਼ੁਰੂ ਕੀਤੀ ਜਾਵੇ
ਕਈ ਥਾਈਂ ਹਾਲੇ ਵੀ ਪੰਜਾਬੀ ’ਚ ਬੋਰਡ ਨਹੀਂ ਲਿਖੇ ਗਏ
ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ ਦੇ ਮੈਦਾਨ ’ਚ ਕੁੱਦਣ ਦਾ ਵੀ ਅਹਿਦ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 18 ਸਤੰਬਰ: ਸ਼ਹਿਰ ਦੇ ਚੌਤਰਫ਼ਾ ਵਿਕਾਸ, ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਕਈ ਲਟਕਦੇ ਲੋਕ ਮਸਲਿਆਂ ਦੇ ਹੱਲ ਲਈ ਅੱਜ ਇਥੇ ਸੈਕਟਰ 69 ਦੇ ਕਮਿਊਨਿਟੀ ਸੈਂਟਰ ਵਿਖੇ ਵੱਖ-ਵੱਖ ਸੰਘਰਸ਼ਸ਼ੀਲ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ। ਲੋਕ ਸਮੱਸਿਆਵਾਂ ਦੇ ਹੱਲ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਪੰਜਾਬੀ ਸਭਿਆਚਾਰਕ ਅਤੇ ਵੈੱਲਫ਼ੇਅਰ ਸੁਸਾਇਟੀ ਵੱਲੋਂ ਸੱਦੇ ਗਏ ਇਕੱਠ ਵਿਚ ਸਭਨਾਂ ਨੇ ਇਕ-ਸੁਰ ਹੋ ਕੇ ਕਿਹਾ ਕਿ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਹੈ ਤੇ ਸਰਕਾਰੇ-ਦਰਬਾਰੇ ਦਬਾਅ ਪਾਉਣ ਲਈ ਸਭਨਾਂ ਨੂੰ ਜ਼ੋਰਦਾਰ ਸਾਂਝੇ ਯਤਨ ਵਿੱਢਣੇ ਚਾਹੀਦੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਸੰਬੋਧਨ ’ਚ ਆਖਿਆ ਕਿ ਸੂਬੇ ਦੇ ਲੋਕਾਂ ਨੇ ਇਤਿਹਾਸਕ ਫ਼ਤਵਾ ਦੇ ਕੇ ਸੂਬੇ ਦੀ ਸੱਤਾ ’ਚ ਬਦਲਾਅ ਲਿਆਂਦਾ ਹੈ ਜਿਸ ਕਾਰਨ ਲੋਕਾਂ ਨੂੰ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਹਨ। ਪਰ ਕਈ ਵਾਰ ਸੰਘਰਸ਼ਸ਼ੀਲ ਤੇ ਹਮਖ਼ਿਆਲ ਧਿਰਾਂ ਦੀ ਲਾਮਬੰਦੀ ਨਾਲ ਸਰਕਾਰਾਂ ਨੂੰ ਹਲੂਣਾ ਵੀ ਦੇਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਰਕਾਰ ਨੇ ਉਪਰਾਲਾ ਤਾਂ ਕੀਤਾ ਹੈ ਪਰ ਇਸ ਮਾਮਲੇ ’ਚ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ। ਬੁਲਾਰਿਆਂ ਵਲੋਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਮੋਹਾਲੀ ਸ਼ਹਿਰ ’ਚ ਪੰਜਾਬੀ ਭਵਨ ਉਸਾਰਨ ਦੀ ਵੀ ਮੰਗ ਰੱਖੀ ਗਈ। ਬੁਲਾਰਿਆਂ ਨੇ ਆਖਿਆ ਕਿ ਹਾਲੇ ਵੀ ਬਹੁਤੀਆਂ ਥਾਵਾਂ ’ਤੇ ਬੋਰਡ ਪੰਜਾਬੀ ਵਿਚ ਨਹੀਂ ਲਿਖਵਾਏ ਗਏ ਤੇ ਕਈ ਸਰਕਾਰੀ ਦਫ਼ਤਰਾਂ ’ਚ ਹਾਲੇ ਵੀ ਅੰਗਰੇਜ਼ੀ ਵਿਚ ਕੰਮ ਹੋ ਰਿਹਾ ਹੈ। ਕਿਤੇ ਕਿਤੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਵਿਚ ਹੀ ਪੰਜਾਬੀ ਬੇਗਾਨੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਦੀ ਸ਼ੁਰੂਆਤ ਤਾਂ ਬੜੇ ਜ਼ੋਰ-ਸ਼ੋਰ ਨਾਲ ਕੀਤੀ ਸੀ ਪਰ ਹੁਣ ਇਹ ਮੁਹਿੰਮ ਇਕ ਤਰ੍ਹਾਂ ਨਾਲ ਠੱਪ ਹੋ ਗਈ ਹੈ ਜਿਸ ਨੂੰ ਮੁੜ ਲੀਹ ’ਤੇ ਲਿਆਉਣ ਦੀ ਅਤਿਅੰਤ ਲੋੜ ਹੈ। ਇਸ ਕੰਮ ’ਚ ਸੁਸਾਇਟੀ ਸਰਕਾਰ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਗਿਆ ਕਿ ਪੰਜਾਬ ਵਿਚਲੇ ਸਰਕਾਰੀ ਅਤੇ ਨਿੱਜੀ ਅਦਾਰਿਆਂ ’ਚ 75 ਫ਼ੀਸਦੀ ਪੰਜਾਬੀਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ।
ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਹੋਰ ਮਸਲਿਆਂ ਦੀ ਗੱਲ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਮੋਹਾਲੀ ਦੇ ਬੱਸ ਅੱਡੇ ਦਾ ਮਸਲਾ ਕਈ ਸਾਲਾਂ ਤੋਂ ਹੱਲ ਨਹੀਂ ਹੋ ਰਿਹਾ। ਪੰਜਾਬੀ ਸਭਿਆਚਾਰਕ ਅਤੇ ਵੈੱਲਫ਼ੇਅਰ ਸੁਸਾਇਟੀ ਸੁਸਾਇਟੀ ਸਮੇਤ ਹੋਰਾਂ ਵਲੋਂ ਸਰਕਾਰੇ-ਦਰਬਾਰੇ ਕਈ ਵਾਰ ਪਹੁੰਚ ਕੀਤੀ ਗਈ ਹੈ ਪਰ ਮਸਲਾ ਹਾਲੇ ਵੀ ਜਿਉਂ ਦਾ ਤਿਉਂ ਹੈ। ਕਈ ਥਾਈਂ ਮੁੱਖ ਤੇ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਅਤੇ ਪਾਰਕਾਂ ਵਿਚ ਵੀ ਸਾਫ਼-ਸਫ਼ਾਈ ਦੀ ਘਾਟ ਨਜ਼ਰ ਪੈਂਦੀ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਲੋਕਲ ਬੱਸ ਸੇਵਾ ਸ਼ੁਰੂ ਕਰਨ ਲਈ ਬਹੁਤ ਵਾਰ ਐਲਾਨ ਕੀਤੇ ਗਏ ਹਨ ਪਰ ਹਾਲੇ ਤਕ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮੋਹਾਲੀ ਵਿਚ ਵੱਡੀਆਂ-ਵੱਡੀਆਂ ਫ਼ੈਕਟਰੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਦੀ ਉਦਾਸੀਨਤਾ ਕਾਰਨ ਇਹ ਫ਼ੈਕਟਰੀਆਂ ਬੰਦ ਹੋ ਗਈਆਂ।
ਜੇ ਮੌਜੂਦਾ ਸਰਕਾਰ ਚੰਗੀ ਨੀਤੀ ਬਣਾਏ ਤਾਂ ਸ਼ਹਿਰ ’ਚ ਸਨਅਤੀਕਰਨ ਨੂੰ ਹੁਲਾਰਾ ਦਿਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਖੜਾ ਬਿਆਨ ਮੈਨੈਜਮੈਂਟ ਬੋਰਡ ਵਿਚ ਪੰਜਾਬ ਦੀ ਘੱਟ ਰਹੀ ਨੁਮਾਇੰਦਗੀ, ਬੁਨਿਆਦੀ ਢਾਂਚੇ ਦੇ ਵਿਕਾਸ ’ਚ ਕਮੀ, ਸ਼ਹਿਰੀ ਤੇ ਪੇਂਡੂ ਸੜਕਾਂ ਦੀ ਦੁਰਦਸ਼ਾ, ਬਿਜਲੀ ਸੁਧਾਰਾਂ ਦੀ ਕਮੀ, ਕਰਾਂ ਦੀ ਚੋਰੀ, ਪੰਜਾਬੀ ਨੌਜਵਾਨਾਂ ਦੇ ਵਿਦੇਸ਼ੀ ਪਰਵਾਸ ਆਦਿ ਮਸਲਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਇੰਦਰਪਾਲ ਸਿੰਘ ਧਨੋਆ, ਕਰਨਲ ਡੀ.ਪੀ. ਸਿੰਘ, ਪਰਮਜੀਤ ਸਿੰਘ ਕਾਹਲੋਂ, ਦਿਲਦਾਰ ਸਿੰਘ, ਸੱਜਣ ਸਿੰਘ, ਸ਼ਮਿੰਦਰ ਸਿੰਘ ਹੈਪੀ, ਮਨਦੀਪ ਕੌਰ (ਸਾਬਕਾ ਪ੍ਰਧਾਨ ਹੋਮਲੈਂਡ), ਇੰਜ. ਪਵਿੰਦਰ ਸਿੰਘ ਵਿਰਦੀ ਅਤੇ ਪ੍ਰਭਦੀਪ ਸਿੰਘ ਬੋਪਾਰਾਏ ਨੇ ਇਸ ਇਕੱਤਰਤਾ ਦੇ ਰੂਪ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।
ਅਖ਼ੀਰ ’ਚ ਪੰਜਾਬੀ ਸਭਿਆਚਾਰਕ ਅਤੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਸਤਵੀਰ ਸਿੰਘ ਧਨੋਆ ਨੇ ਅਪਣੀ ਸੁਸਾਇਟੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ. ਧਨੋਆ ਨੇ ਆਖਿਆ ਕਿ ਸ਼ਹਿਰ ’ਚ ਪ੍ਰਾਪਰਟੀ ਟੈਕਸ ਦੇ ਮਾਮਲੇ ’ਚ ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਛੇੜਿਆ ਸੀ ਜਿਸ ਦਾ ਚੰਗੇ ਨਤੀਜੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸੈਕਟਰ 76 ਤੋਂ 80 ਦੇ ਲੋਕਾਂ ਨੂੰ ਇਨਹਾਸਮੈਂਟ ਜਮ੍ਹਾਂ ਕਰਾਉਣ ਲਈ ਕਿਹਾ ਜਾ ਰਿਹਾ ਹੈ ਜਿਸ ਦਾ ਹੱਲ ਲੋਕ ਸੰਘਰਸ਼ ਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਪਹਿਲਾਂ ਵੀ ਲੋਕ ਹਿੱਤ ਦੇ ਹਰ ਮਸਲੇ ’ਤੇ ਸੰਘਰਸ਼ ਕਰਦੀ ਰਹੀ ਹੈ ਤੇ ਹੁਣ ਵੀ ਲੋਕਾਂ ਦੇ ਸਾਥ ਨਾਲ ਅੰਦੋਲਨ ਦੇ ਰਾਹ ਪੈਣ ਤੋਂ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਇਕੱਤਰਤਾ ’ਚ ਸ਼ਾਮਲ ਸਾਰੀਆਂ ਜਥੇਬੰਦੀਆਂ, ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਤਮਾਮ ਮਸਲਿਆਂ ਦੇ ਹੱਲ ਲਈ ਮਿਲ-ਜੁਲ ਕੇ ਹੰਭਲਾ ਮਾਰਨ। ਜਿਥੇ ਲੋੜ ਹੋਵੇ, ਉਥੇ ਸਰਕਾਰ ਦਾ ਸਾਥ ਵੀ ਦਿਤਾ ਜਾਵੇ ਤੇ ਜਿਥੇ ਸੰਘਰਸ਼ ਦੀ ਲੋੜ ਹੈ, ਉਥੇ ਬੇਖ਼ੌਫ਼ ਹੋ ਕੇ ਸੰਘਰਸ਼ ਦੇ ਮੈਦਾਨ ’ਚ ਕੁੱਦਿਆ ਜਾਵੇ।
ਇਸ ਮੌਕੇ ਤੇ ਪਰਮਜੀਤ ਸਿੰਘ ਕਾਹਲੋਂ, ਇੰਜ. ਪੀ.ਐੱਸ.ਵਿਰਦੀ, ਇੰਦਰਜੀਤ ਸਿੰਘ ਖੋਖਰ, ਗੁਰਦੀਪ ਸਿੰਘ ਢਿੱਲੋਂ, ਕੁਲਦੀਪ ਸਿੰਘ ਭਿੰਡਰ, ਕਰਮ ਸਿੰਘ ਮਾਵੀ, ਵਰਿੰਦਰਪਾਲ ਸਿੰਘ ਭਿੰਡਰ, ਕਮਲ ਬੈਦਵਾਣ, ਅਮਰਜੀਤ ਸਿੰਘ ਧਨੋਆ, ਇੰਦਰਪਾਲ ਸਿੰਘ ਧਨੋਆ, ਮਨਵੀਰ ਕੌਰ (ਸਾਬਕਾ ਪ੍ਰਧਾਨ ਹੋਮਲੈਂਡ), ਏ.ਐੱਸ.ਲਾਂਬਾ, ਸਿਮਰਦੀਪ ਸਿੰਘ ਜੈਲਦਾਰ, ਦਿਲਦਾਰ ਸਿੰਘ, ਵੱਸਣ ਸਿੰਘ ਗੋਰਇਆਂ, ਮਨਪ੍ਰੀਤ ਸਿੰਘ ਚਾਹਲ (ਸਾਬਕਾ ਪ੍ਰਧਾਨ, ਬਾਰ ਐਸੋਸੀਏਸ਼ਨ, ਮੋਹਾਲੀ), ਪ੍ਰਭਦੀਪ ਸਿੰਘ ਬੋਪਾਰਾਏ, ਪਰਮਜੀਤ ਕੌਰ ਜੌੜਾ, ਸੁੱਚਾ ਸਿਘ ਕਲੌੜ, ਪਰਮੋਦ ਮਿੱਤਰਾ (ਕੌਂਸਲਰ), ਜਸਦੀਪ ਸਿੰਘ ਧਨੋਆ, ਰਜਿੰਦਰ ਸਿੰਘ ਧਨੋਆ, ਗੁਰਮੀਤ ਸਿੰਘ ਸਰਾਓ, ਗੁਰਦੇਵ ਸਿੰਘ ਚੌਹਾਨ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ।