ਸਤਲੁਜ ਦਰਿਆ ਨੇ ਮੁੜ ਡਰਾਏ ਲੋਕ, ਬੰਨ੍ਹ ਨੂੰ ਲੱਗੀ ਢਾਹ- ਬੰਨ੍ਹ ਟੁੱਟਿਆ ਤਾਂ...!
ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਬੰਨ੍ਹ ਵੱਲ ਖ਼ਾਸ ਧਿਆਨ ਦੇਣ ਦੀ ਕੀਤੀ ਮੰਗ
ਬਲਜੀਤ ਸਿੰਘ
ਤਰਨਤਾਰਨ, 20 ਸਤੰਬਰ 2023- ਤਰਨਤਾਰਨ ਦੇ ਕਸਬਾ ਹਰੀਕੇ ਦੇ ਮੰਡ ਖੇਤਰ ਅਧੀਨ ਪੈਂਦੇ ਪਿੰਡ ਰਾਮ ਸਿੰਘ ਵਾਲਾ ਦੇ ਨਜ਼ਦੀਕ ਤੋਂ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਫਿਰ ਵੱਡੇ ਬੰਨ੍ਹ ਨੂੰ ਆਉਣ ਲੱਗੀ ਹੈ। ਜਿਸ ਕਾਰਨ ਬਨ ਦੇ ਥੱਲਿਓਂ ਮਿੱਟੀ ਖਿਸਕਦੀ ਜਾ ਰਹੀ, ਜਿਸਨੂੰ ਲੈ ਕੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਲਾਲ ਸਿੰਘ ਗੁਰਦੇਵ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਇਹੇ ਹੀ ਧੁੱਸੀ ਬੰਨ੍ਹ ਪਿੰਡ ਕੁੱਤੇ ਵਾਲਾ ਮਰੜ ਤੋਂ ਟੁੱਟ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦੇ ਨਾਲ ਨਾਲ ਲੋਕਾਂ ਦੀਆਂ ਜ਼ਮੀਨਾਂ ਵੀ ਖ਼ਰਾਬ ਹੋ ਗਈਆਂ ਸਨ, ਜਿਸ ਨੂੰ ਬਾਅਦ ਵਿੱਚ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਸਰਿਹਾਲੀ ਵਾਲਿਆਂ ਵੱਲੋਂ ਸੇਵਾ ਲਗਾ ਕੇ ਪੂਰ ਦਿੱਤਾ ਗਿਆ ਸੀ।
ਪਰ ਹੁਣ ਇਸ ਬਨ ਨੂੰ ਸਤਲੁਜ ਦਰਿਆ ਦੇ ਪਾਣੀ ਦੀ ਢਾਹਾ ਲੱਗਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਕਿਸੇ ਵੇਲੇ ਵੀ ਇਹ ਬੰਨ੍ਹ ਟੁੱਟ ਸਕਦਾ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਰਕੇ ਇਸ ਬਨ ਦੇ ਨਾਲ ਲੱਗਦੇ 10 ਤੋਂ 15 ਪਿੰਡ ਸਹਿਮ ਦੇ ਮਾਹੌਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਇਸ ਬੰਨ੍ਹ ਵੱਲ ਵੀ ਧਿਆਨ ਕੀਤਾ ਜਾਵੇ ਅਤੇ ਇਸ ਉੱਪਰ ਮਿੱਟੀ ਪਵਾਈ ਜਾਵੇ। ਜਿਸ ਕਾਰਨ ਇਸ ਬੰਨ੍ਹ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।