ਡਰਾਈਵਰ ਅਤੇ ਕੰਡਕਟਰ ਖ਼ਿਲਾਫ਼ ਸ਼ਿਕੰਜਾ, ਮਾਮਲਾ ਨਹਿਰ 'ਚ ਬੱਸ ਡਿੱਗਣ ਦਾ- FIR ਦਰਜ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ 2023: ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਝਬੇਲਵਾਲੀ ਕੋਲੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਬੱਸ ਡਿੱਗਣ ਦੇ ਮਾਮਲੇ 'ਚ ਥਾਣਾ ਬਰੀਵਾਲਾ ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਦੌਰਾਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 15 ਵਿਅਕਤੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਕੁੱਝ ਦੇ ਪਾਣੀ ਵਿੱਚ ਰੁੜ੍ਹਨ ਦੀ ਗੱਲ ਸਾਹਮਣੇ ਆ ਰਹੀ ਹੈ।
ਨਿਊ ਦੀਪ ਟਰੈਵਲਜ਼ ਕੰਪਨੀ ਦੀ ਇਹ ਬੱਸ (ਨੰਬਰ ਪੀਬੀ04 ਏਸੀ0878) ਸ੍ਰੀ ਮੁਕਤਸਰ ਤੋਂ ਕਰੀਬ ਇੱਕ ਵਜੇ ਚੱਲੀ ਸੀ ਅਤੇ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ।ਥਾਣਾ ਬਰੀਵਾਲਾ ਪੁਲਿਸ ਨੇ ਇਸ ਸਬੰਧ ਵਿੱਚ ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟਿਆਂ ਵਾਲੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਡਰਾਈਵਰ ਖੁਸ਼ਪਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਨੂੰ ਧਾਰਾ 304ਏ 279,337 ਅਤੇ 427 ਤਹਿਤ ਨਾਮਜ਼ਦ ਕੀਤਾ ਹੈ।
ਇਸ ਮਾਮਲੇ ਸਬੰਧੀ ਤਾਰਾ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਪੰਜ ਭੈਣ ਭਰਾ ਹਨ ਜਿੰਨਾਂ ਵਿੱਚੋਂ ਉਸ ਤੋਂ ਛੋਟੀ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ ਹੈ ਜੋ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਗਲਾ ਵਾਲਾ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਨਾਲ ਵਿਆਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤੋ ਕੌਰ 17 ਸਤੰਬਰ ਨੂੰ ਉਸ ਨੂੰ ਮਿਲਣ ਲਈ ਕੱਟਿਆਂ ਵਾਲੀ ਵਿਖੇ ਆਈ ਸੀ।
ਬਿਆਨ ਮੁਤਾਬਿਕ 19 ਸਤੰਬਰ ਨੂੰ ਮੁੱਦਈ ਆਪਣੀ ਭੈਣ ਨੂੰ ਉਸ ਦੇ ਪਿੰਡ ਮੁਗਲਾਵਾਲਾ ਵਿਖੇ ਛੱਡਣ ਲਈ ਕਰੀਬ 11 ਕੁ ਵਜੇ ਪਿੰਡ ਕੱਟਿਆਂ ਵਾਲੀ ਤੋ ਬੱਸ ਰਾਹੀ ਮਲੋਟ ਬੱਸ ਸਟੈਡ ਆ ਗਏ ਜਿੱਥੋਂ ਅਸੀਂ ਅੰਮ੍ਰਿਤਸਰ ਨੂੰ ਜਾਣ ਵਾਲੀ ਦੀਪ ਬੱਸ ਤੇ ਬੈਠ ਗਏ। ਉਨ੍ਹਾਂ ਦੱਸਿਆ ਕਿ ਬੱਸ ਦਾ ਕੰਡਕਟਰ ਨੇ ਡਰਾਇਵਰ ਨੂੰ ਹੱਲਾਸ਼ੇਰੀ ਦਿੱਤੀ ਕਿ ਖੁਸ਼ਪਿੰਦਰ ਸਿੰਘ ਤੂੰ ਬੱਸ ਨੂੰ ਖਿੱਚੀ ਚੱਲੀ ਤੇਜੀ ਨਾਲ ਆਪਾਂ ਜਲਦੀ ਪਹੁੰਚਣਾ ਹੈ। ਇਸ ਮੌਕੇ ਇੱਕ ਕੰਡਕਟਰ ਨੇ ਮੁਕਤਸਰ ਤੋਂ ਬਾਹਰੋ ਬਾਹਰ ਕੱਢਣ ਅਤੇ ਬੱਸ ਅੱਡੇ ਵਿੱਚ ਨਾ ਜਾਣ ਦੀ ਗੱਲ ਵੀ ਆਖੀ। ਉਨ੍ਹਾਂ ਦੱਸਿਆ ਕਿ ਡਰਾਇਵਰ ਖੁਸ਼ਪਿੰਦਰ ਸਿੰਘ ਨੇ ਕੰਡਕਟਰ ਹਰਜੀਤ ਸਿੰਘ ਨੂੰ ਸੀਟੀ ਮਾਰਨ ਬਾਰੇ ਕਹਿ ਕੇ ਬੱਸ ਨੂੰ ਅੰਮ੍ਰਿਤਸਰ ਤੇਜੀ ਨਾਲ ਲਿਜਾਣ ਬਾਰੇ ਕਿਹਾ।
ਪੁਲਿਸ ਨੂੰ ਦਿੱਤੇ ਬਿਆਨ ਤਾਰਾ ਸਿੰਘ ਨੇ ਅੱਗੇ ਦੱਸਿਆ ਕਿ ਕੰਡਕਟਰ ਨੇ ਕਰੀਬ 12 ਕੂ ਵਜੇ ਬੱਸ ਸੀਟੀ ਮਾਰ ਕੇ ਤੌਰ ਲਈ ਤਾਂ ਡਰਾਇਵਰ ਨੇ ਬੱਸ ਸਟੈਡ ਨਿਕਲਦਿਆਂ ਹੀ ਬੜੀ ਤੇਜੀ ਤੇ ਲਾਪਰਵਾਹੀ ਨਾਲ ਬੱਸ ਭਜਾਉਣੀ ਸ਼ੁਰੂ ਕਰ ਦਿੱਤੀ। ਕੰਡਕਟਰ ਵੀ ਉਸਨੂੰ ਕਹਿੰਦਾ ਕਿ ਬੱਸ ਹੁਣ ਖਿੱਚੀ ਚੱਲੀ ।ਰਸਤੇ ਵਿੱਚ ਸੜਕ ਖਰਾਬ ਹੋਣ ਅਤੇ ਤੇਜ਼ ਰਫਤਾਰ ਕਰਕੇ ਸਵਾਰੀਆਂ ਨੇ ਡਰਾਇਵਰ ਤੇ ਕੰਡਕਟਰ ਨੂੰ ਮੀਂਹ ਪੈ ਰਿਹਾ ਹੋਣ ਕਰਕੇ ਇੰਨੀ ਤੇਜ਼ ਬੱਸ ਨਾ ਚਲਾਉਣ ਬਾਰੇ ਵੀ ਕਿਹਾ ਪਰ ਬੱਸ ਸਟਾਫ ਨੇ ਸਾਡੇ ਕੋਲ ਟਾਇਮ ਨਹੀਂ ਕਹਿ ਕੇ ਸਵਾਰੀਆਂ ਨੂੰ ਚੁੱਪ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਬੱਸ ਝਬੇਲਵਾਲੀ ਨਹਿਰਾਂ ਕੋਲ ਪੁੱਲ ਦੇ ਨਜ਼ਦੀਕ ਪੁੱਜੀ ਤਾਂ ਡਰਾਇਵਰ ਖੁਸ਼ਪਿੰਦਰ ਸਿੰਘ ਤੋ ਕੰਟਰੋਲ ਤੋਂ ਬਾਹਰ ਹੋ ਗਈ।
ਉਨ੍ਹਾਂ ਦੱਸਿਆ ਕਿ ਬੱਸ ਸਰਹੰਦ ਫੀਡਰ ਨਹਿਰ ਦੀ ਐਂਗਲ ਨੂੰ ਤੋੜਦੀ ਹੋਈ ਨਹਿਰ ਵਿੱਚ ਡਿੱਗਕੇ ਲਟਕ ਗਈ ਅਤੇ ਬੱਸ ਦਾ ਅੱਗਲਾ ਪਾਸਾ ਪਾਣੀ ਵਿੱਚ ਡੁੱਬ ਗਿਆ। ਇਸ ਹਾਦਸੇ ਦੌਰਾਨ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਜਿਸ ਨਾਲ ਕੁੱਝ ਸਵਾਰੀਆ ਬੱਸ ਵਿੱਚੋਂ ਪਾਣੀ ਵਿੱਚ ਰੁੜ ਗਈਆਂ ਜਦੋਂ ਕਿ ਡੁੱਬਣ ਕਾਰਨ ਕਰੀਬ 8/10 ਸਵਾਰੀਆ ਦੀ ਮੌਕੇ ਤੇ ਹੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਉੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੇ ਉਸ ਨੂੰ ਅਤੇ ਹੋਰਨਾਂ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਉਸ ਦੀ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ ਦੀ ਬੱਸ ਵਿੱਚੋਂ ਪਾਣੀ ਵਿੱਚ ਡਿੱਗਕੇ ਡੁੱਬਣ ਕਾਰਨ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਡਰਾਈਵਰ ਕੰਡਕਟਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।