ਜਥੇਦਾਰ ਅਕਾਲ ਤਖ਼ਤ ਵੀ ਬੋਲੇ ਟਰੂਡੋ ਦੇ ਬਿਆਨ ਬਾਰੇ : ਕਿਹਾ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ, ਭਾਰਤ ਸਰਕਾਰ ਸਥਿਤੀ ਸਪਸ਼ਟ ਕਰੇ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 20 ਸਤੰਬਰ 2023 - ਜਥੇਦਾਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿਹਾ ਹੈ ਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ ਅਤੇ ਉਨ੍ਹਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ ।
ਭਾਰਤ ਅਤੇ ਕੈਨੇਡਾ ਦੇ ਆਪਸੀ ਕੂਟਨੀਤਕ ਸਬੰਧਾਂ ਵਿਚ ਖਟਾਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਨੂੰ ਸੰਜੀਦਾ ਵਿਚਾਰ ਦੇ ਏਜੰਡੇ ’ਤੇ ਲਿਆਉਣਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਅੰਦਰ ਸਿੱਖ ਵੱਸੇ ਹੋਏ ਹਨ, ਜਿਨ੍ਹਾਂ ਦੇ ਮਾਨਵੀ ਸਰੋਕਾਰਾਂ ਦੇ ਨਾਲ-ਨਾਲ ਧਾਰਮਿਕ ਸਰੋਕਾਰ ਵੀ ਅਹਿਮ ਹਨ।
ਸਿੱਖ ਕੌਮ ਨੇ ਕਈ ਦਰਦਨਾਕ ਸਮੇਂ ਵੀ ਹੰਢਾਏ ਹਨ, ਜਿਸ ਵਿਚ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ, 1984 ਦਾ ਸਿੱਖ ਕਤਲੇਆਮ ਅਤੇ ਇਕ ਦਹਾਕਾ ਸਿੱਖ ਨੌਜੁਆਨੀ ਦਾ ਘਾਣ ਸ਼ਾਮਲ ਹੈ। ਇਹ ਸਿੱਖ ਕੌਮ ਦਾ ਉਹ ਦਰਦ ਹੈ, ਜਿਸ ਨੂੰ ਦੁਨੀਆਂ ਵਿਚ ਬੈਠੇ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਕਈ ਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਆਪਣੀ ਜਨਮ ਭੂਮੀ ਅਤੇ ਗੁਰੂਆਂ ਦੇ ਪਾਵਨ ਅਸਥਾਨ ’ਤੇ ਆ ਕੇ ਨਤਮਸਤਕ ਹੋਣ ਤੋਂ ਵੀ ਵਾਂਝੇ ਰੱਖਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੈਨੇਡਾ ਵਿਚ ਸਿੱਖ ਨੌਜੁਆਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਉਥੋਂ ਦੀ ਸਰਕਾਰ ਵੱਲੋਂ ਭਾਰਤ ਦੇ ਇਕ ਵੱਡੇ ਕੂਟਨੀਤਕ ਅਧਿਕਾਰੀ ’ਤੇ ਲੱਗੇ ਦੋਸ਼ਾਂ ਮਗਰੋਂ ਉਸ ਨੂੰ ਦੇਸ਼ ’ਚੋਂ ਹਟਾਉਣਾ ਕਈ ਸਵਾਲ ਪੈਦਾ ਕਰਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਭਾਵੇਂ ਭਾਰਤ ਵੱਲੋਂ ਦੋਸ਼ਾਂ ਦਾ ਖੰਡਨ ਕਰਦਿਆਂ ਕੈਨੇਡਾ ਦੇ ਕੂਨਟੀਤਕ ਅਧਿਕਾਰੀ ਨੂੰ ਵੀ ਹਟਾ ਦਿੱਤਾ ਗਿਆ ਹੈ, ਪਰ ਇਹ ਮਾਮਲਾ ਬੇਹੱਦ ਸੰਜੀਦਾ ਅਤੇ ਸਿੱਧੇ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਣ ਕਰਕੇ ਗਲੋਬਲ ਪੱਧਰ ’ਤੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਤੇ ਆਪਣੀ ਸਥਿਤੀ ਜਰੂਰ ਸਪਸ਼ਟ ਕਰੇ