ਨਾਬਾਲਿਗ ਬੱਚਿਆਂ ਨਾਲ ਬਦਫੈਲੀ ਕਰਨ ਵਾਲੇ ਉਨ੍ਹਾਂ ਦੇ ਹੀ 5 ਨਾਬਾਲਿਗ ਸਾਥੀ ਕਾਬੂ, ਲਗਾਇਆ ਪੋਕਸੋ ਐਕਟ
ਦੀਪਕ ਜੈਨ
ਜਗਰਾਉਂ, 20 ਸਤੰਬਰ 2023 - ਮੁਹੱਲਾ ਧੁੰਮਣ ਦੇ ਰਹਿਣ ਵਾਲੇ 2 ਬੱਚਿਆਂ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਪੁਲਿਸ ਟੀਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਦੋ ਨਾਬਾਲਿਗ ਬੱਚਿਆਂ ਨਾਲ ਬਦਫੈਲੀ ਕਰਨ ਵਾਲੇ ਉਨ੍ਹਾਂ ਦੇ ਹੀ 5 ਨਾਬਾਲਿਗ ਸਾਥੀਆਂ ਨੂੰ ਗ੍ਰਿਫਤਾਰ ਕਰ ਥਾਣਾ ਸਿਟੀ ਜਗਰਾਓਂ ਵਿਖੇ ਪੋਕਸੋ ਐਕਟ (ਪ੍ਰੋਟੈਕਸ਼ਨ ਔਫ ਚਿਲਡਰਨ ਫਰਾਮ ਸੈਕਸੂਅਲ ਆਫੇਂਸ ਐਕਟ) ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਕਾਰਵਾਈ ਕਰਾਉਣ ਨੂੰ ਲੈ ਕੇ ਬੀਤੀ ਮੰਗਲਵਾਰ ਦੀ ਦੇਰ ਰਾਤ 10 ਵਜੇ ਦੇ ਕਰੀਬ ਬਦਫੈਲੀ ਦਾ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਤੇ ਮੁਹੱਲਾ ਨਿਵਾਸੀਆਂ ਵੱਲੋਂ ਥਾਣਾ ਸਿਟੀ ਦਾ ਘੇਰਾਉ ਕੀਤਾ ਗਿਆ ਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਦਫੈਲੀ ਦਾ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਮੰਗਲਵਾਰ ਦੀ ਦੁਪਹਿਰ ਚਾਰ ਵਜੇ ਕਰੀਬ ਉਨ੍ਹਾਂ ਦੇ ਬੱਚੇ ਓਹਨਾ ਨੂੰ ਇਹ ਕਹਿ ਕੇ ਘਰੋਂ ਗਏ ਸਨ ਕਿ ੳਹ ਟਿਊਸ਼ਨ ਚੱਲੇ ਹਨ।
ਪਰ ਉਹ ਆਪਣੇ ਇੱਕ ਦੋਸਤ ਨਾਲ ਟਿਊਸ਼ਨ ਜਾਣ ਦੀ ਬਜਾਏ ਉਸਦੀ ਸਕੂਟਰੀ ਠੀਕ ਕਰਵਾਉਣ ਚਲੇ ਗਏ ਅਤੇ ਬਾਅਦ ਵਿੱਚ ਆਪਣੇ ਉਸੇ ਦੋਸਤ ਨਾਲ ਹੀ ਉਸਦੇ ਕੁੱਝ ਹੋਰ ਸਾਥੀਆਂ ਨਾਲ ਸ਼ਹਿਰ ਵਿਚ ਘੁੰਮਦੇ ਹੋਏ ਸੇਮ ਨਾਲੇ ਨੜੇ ਸੁਨਸਾਨ ਜਗ੍ਹਾ ਤੇ ਪਹੁੰਚ ਗਏ। ਜਿੱਥੇ ਉਹਨਾਂ ਦੇ ਦੋਸਤ ਦੇ ਸਾਥੀਆਂ ਨੇ ਉਹਨਾਂ ਨਾਲ ਜਬਰਦਸਤੀ ਬੰਧਕ ਬਣਾ ਅਤੇ ਕੁੱਟਮਾਰ ਕਰਦਿਆਂ ਹੋਇਆਂ ਬਦਫੈਲੀ ਕੀਤੀ ਅਤੇ ਉਹਨਾਂ ਨੂੰ ਡਰਾਉਣ ਦੇ ਮਕਸਦ ਨਾਲ ਉਹਨਾਂ ਦਾ ਵੀਡੀਓ ਵੀ ਆਪਣੇ ਮੋਬਾਇਲ ਵਿੱਚ ਬਣਾਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਬੱਚਿਆਂ ਨੇ ਘਰ ਵਾਪਸ ਆ ਕੇ ਦਿੱਤੀ। ਜਿਸ ਤੋਂ ਬਾਅਦ ਉਹ ਆਪਣੇ ਮੁਹੱਲਾ ਨਿਵਾਸੀਆਂ ਨੂੰ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਥਾਣਾ ਸਿਟੀ ਪੁਲਿਸ ਥਾਣੇ ਪਹੁੰਚੇ ਹਨ ਅਤੇ ਪੁਲਿਸ ਤੋਂ ਮੰਗ ਕਰਦੇ ਹਨ ਉਹਨਾਂ ਦੀ ਬੱਚਿਆਂ ਨਾਲ ਵੱਧ ਫੈਲੀ ਕਰਨ ਵਾਲਿਆਂ ਖਿਲਾਫ਼ ਪੁਲੀਸ ਸਖਤ ਕਾਰਵਾਈ ਕਰੇ।
ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੰਗਲਵਾਰ ਦੀ ਬੀਤੀ ਦੇਰ ਰਾਤ ਥਾਣਾ ਸਿਟੀ ਪੁਲੀਸ ਕੋਲ ਇੱਕ ਮਾਮਲਾ ਆਇਆ ਸੀ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨਾਲ ਬਦਫੈਲੀ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਥਾਣਾ ਸਿਟੀ ਪੁਲੀਸ ਦੀ ਟੀਮ ਵੱਲੋਂ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕੀਤੀ ਗਈ ਅਤੇ ਬਦਫੈਲੀ ਦਾ ਸ਼ਿਕਾਰ ਹੋਏ ਦੋਹਾਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆ ਦੋਹਾਂ ਨਬਾਲਿਗ ਬੱਚਿਆਂ ਨਾਲ ਬਦਫੈਲੀ ਕਰਨ ਵਾਲੇ ਉਨ੍ਹਾਂ ਦੇ ਹੀ ਹਮਉਮਰ 5 ਨਾਬਾਲਿਗਾਂ ਖ਼ਿਲਾਫ਼ ਕਾਰਵਾਈ ਕਰਦਿਆਂ ਹੋਇਆ ਉਹਨਾਂ ਦੇ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ 5 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਐਸ ਪੀ ਵਿਰਕ ਨੇ ਦੱਸਿਆ ਕਿ ਅੱਜ ਫੜੇ ਗਏ ਇਹਨਾਂ 5 ਨਾਬਾਲਿਗ ਦੋਸ਼ੀਆਂ ਦਾ ਸਰਕਾਰੀ ਹਸਪਤਾਲ ਜਗਰਾਓਂ ਵਿਖੇ ਮੈਡੀਕਲ ਕਰਵਾਉਣ ਤੋਂ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਣਯੋਗ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਇਨ੍ਹਾਂ ਪੰਜ ਨਾਬਾਲਿਗ ਦੋਸ਼ੀਆਂ ਨੂੰ ਬਾਲ ਸੁਧਾਰ ਗ੍ਰਹਿ ਵਿਖੇ ਭੇਜ ਦਿੱਤਾ ਜਾਵੇਗਾ।