ਦੁਬਈ ਤੋਂ ਲਿਆਇਆ ਸੀ ਕਮਾਈ ਕਰਕੇ- ਸੋਸ਼ਲ ਮੀਡੀਆ 'ਤੇ ਲੰਡਨ ਦੀ ਗੋਰੀ ਨੇ ਠੱਗਿਆ
ਰੋਹਿਤ ਗੁਪਤਾ
ਗੁਰਦਾਸਪੁਰ 21 ਸਤੰਬਰ 2023 : ਅਕਸਰ ਹੀ ਸੋਸ਼ਲ ਮੀਡਿਆ ਤੇ ਠੱਗੀ ਦੇ ਕਈ ਲੋਕ ਸ਼ਿਕਾਰ ਹੋ ਰਹੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਤੇਰਾ ਬਾਬਾ ਨਾਨਕ ਤੋਂ ਸਾਮਣੇ ਆਇਆ ਜਿਥੇ ਇਕ ਨੌਜਵਾਨ ਨਾਲ ਫੇਸਬੁੱਕ ਤੇ ਜੁੜੀ ਇਕ ਲੜਕੀ ਨੇ ਜੋ ਖੁਦ ਨੂੰ ਵਿਦੇਸ਼ ਲੰਦਨ ਦੀ ਦੱਸ ਰਹੀ ਸੀ ਨੇ ਵਿਆਹ ਕਰ ਵਿਦੇਸ਼ ਲੈਕੇ ਜਾਣ ਦਾ ਲਾਰਾ ਲਾ ਕੇ ਫ਼ਿਲਮੀ ਅੰਦਾਜ ਵਿੱਚ 5 ਲੱਖ ਰੁਪਏ ਦੀ ਠੱਗੀ ਮਾਰ ਲਈ | ਉਥੇ ਹੀ ਹੁਣ ਇਹ ਨੌਜਵਾਨ ਹਾੜੇ ਕੱਢ ਰਿਹਾ ਹੈ ਅਤੇ ਲੋਕਾਂ ਨੂੰ ਵੀ ਠੱਗਾਂ ਤੋਂ ਬਚਨ ਦੀ ਗੱਲ ਕਰ ਰਿਹਾ ਹੈ |
ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ ਇਕ ਨੌਜਵਾਨ ਫੇਸਬੁੱਕ ਸੁੰਦਰੀ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਰਾਜਾ ਮਸ਼ੀਰ ਵਾਸੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਰਾਜਾ ਦੁਬਈ ਵਿਖੇ ਕੰਮ ਕਰ ਕੇ ਆਇਆ ਹੈ ਅਤੇ ਬੀਤੀ ਜੁਲਾਈ 2023 ਨੂੰ ਫੇਸਬੁੱਕ 'ਤੇ ਇਕ ਲੜਕੀ ਨੇ ਇਕ ਦਿਨ ਮੈਸਜ਼ ਕੀਤਾ ਕਿ ਮੈਂ ਲੰਬੇ ਸਮੇਂ ਤੋਂ ਲੰਡਨ 'ਚ ਰਹਿੰਦੀ ਹਾਂ ਤੇ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ ਅਤੇ ਰਾਜਾ ਨੇ ਦੱਸਿਆ ਕਿ ਉਸ ਨੇ ਵੀ ਦੋਸਤੀ ਲਈ ਹਾਮੀ ਭਰ ਦਿੱਤੀ ਅਤੇ ਕਈ ਦਿਨ ਤਕ ਚੈਟਿੰਗ ਚਲਦੀ ਰਹੀ।ਫਿਰ ਇਕ ਦਿਨ ਉਕਤ ਲੜਕੀ ਦਾ ਫੋਨ ਆਇਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ,ਇਸ ਲਈ ਉਹ ਉਸਨੂੰ ਜਲਦੀ ਲੰਡਨ ਬੁਲਾ ਰਹੀ ਹੈ ਅਤੇ ਲੜਕੀ ਨੇ ਕਾਗਜੀ ਕਾਰਵਾਈ ਲਈ ਵਟਸਐਪ 'ਤੇ ਸਾਰੇ ਡਾਕੂਮੈਂਟ ਵੀ ਮੰਗਵਾ ਲਏ। ਕੁਝ ਦਿਨ ਬਾਅਦ ਉਕਤ ਲੜਕੀ ਨੇ ਫੋਨ ਰਾਹੀਂ ਦੱਸਿਆ ਕਿ ਉਹ ਅਕਤੂਬਰ ਮਹੀਨੇ ਭਾਰਤ ਆ ਰਹੀ ਹੈ ਅਤੇ ਕੁਝ ਦਿਨ ਉਸ ਨਾਲ ਘੁੰਮਣ ਤੋਂ ਬਾਅਦ ਉਹ ਵਿਆਹ ਕਰਵਾ ਕੇ ਉਸਨੂੰ ਵਿਦੇਸ਼ ਲੈ ਜਾਵੇਗੀ । ਕੁਝ ਦਿਨ ਪਹਿਲਾ ਅਚਾਨਕ ਉਸ ਨੂੰ ਫੋਨ ਆਇਆ ਕਿ ਉਸਦੀ ਇਕ ਦੋਸਤ ਅੰਮ੍ਰਿਤਸਰ ਆ ਰਹੀ ਹੈ ਅਤੇ ਉਸਨੂੰ ਮਿਲਕੇ 5 ਲੱਖ ਰੁਪਏ ਅੰਬੈਸੀ ਖਰਚ ਦੇ ਦੇਵੇ ਤਾਂ ਜੋ ਜਲਦ ਵੀਜ਼ਾ ਲੱਗ ਸਕੇ।
ਰਾਜਾ ਦੱਸਦਾ ਹੈ ਕਿ ਉਹ ਅਗਲੇ ਦਿਨ ਜਦ ਉਹ ਦੱਸੀ ਜਗਾ ਰਣਜੀਤ ਐਵੀਨਿਊ ਪਾਰਕ 'ਅਮ੍ਰਿਤਸਰ ਚ ਪਹੁੰਚਿਆ ਤਾਂ ਉਥੇ ਇਕ ਲੜਕੀ ਅਤੇ ਉਸ ਨਾਲ ਉਸਦੇ 2 ਸਾਥੀ ਇਕ ਕਾਰ ਚ ਸਨ ਜਿਹਨਾਂ ਨਾਲ ਉਹ ਮਿਲਿਆ ਅਤੇ ਉਸਨੇ ਗੱਲਬਾਤ ਤੋਂ ਬਾਅਦ ਉਹਨਾਂ ਨੂੰ ਪੈਸੇ ਅਤੇ ਜੋ ਕੁਝ ਹੋਰ ਡਾਕੂਮੈਂਟ ਮੰਗਗਏ ਸਨ ਉਹ ਦੇ ਦਿੱਤੇ ਅਤੇ ਘਰ ਵਾਪਿਸ ਆ ਗਿਆ। ਉਸ ਤੋਂ ਬਾਅਦ ਤੋਂ ਜਿਹਨਾਂ ਨੰਬਰਾਂ ਤੇ ਉਸਦੀ ਗੱਲ ਹੋ ਰਹੀ ਸੀ ਉਹ ਸਾਰੇ ਨੰਬਰ ਬੰਦ ਹਨ ਅਤੇ ਉਸ ਨੇ ਦੁਬਈ ਵਿਖੇ ਮਿਹਨਤ ਨਾਲ ਕਮਾਏ ਸਾਰੇ ਪੈਸੇ ਗਵਾ ਲਏ ਅਤੇ ਉਸ ਨਾਲ ਵੱਡੀ ਠੱਗੀ ਹੋਈ ਹੈ । ਹੁਣ ਨੌਜਵਾਨ ਅਤੇ ਉਸਦਾ ਪਰਿਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰ ਰਿਹਾ ਹੈ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਨ੍ਹਾਂ ਧੋਖੇਬਾਜ ਸੁੰਦਰੀਆਂ ਨੂੰ ਕਾਬੂ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ।