ਨਾਕਾ ਤੋੜ ਕੇ ਥਾਣੇਦਾਰ 'ਤੇ ਚੜ੍ਹਾਇਆ ਮੋਟਰਸਾਈਕਲ, ਹਾਲਤ ਨਾਜ਼ੁਕ
ਪੀਜੀਆਈ ਰੈਫਰ, ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਵਾਪਰੀ ਘਟਨਾ
ਰਵਿੰਦਰ ਢਿੱਲੋਂ
ਖੰਨਾ, 21 ਸਤੰਬਰ 2023- ਖੰਨਾ ਦੇ ਚੰਡੀਗੜ੍ਹ ਰੋਡ 'ਤੇ ਪਿੰਡ ਮਲਕਪੁਰ ਨੇੜੇ ਪੁਲਿਸ ਨਾਕੇ 'ਤੇ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ। ਇੱਥੇ ਥਾਣੇਦਾਰ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ ਗਿਆ। ਗੰਭੀਰ ਜ਼ਖਮੀ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਨੂੰ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਨੂੰ ਦੇਖਦੇ ਹੋਏ ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਥਾਣੇਦਾਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਵੱਲੋਂ ਰਾਤ ਨੂੰ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਮਲਕਪੁਰ ਨੇੜੇ ਨਾਕਾ ਲਾਇਆ ਹੋਇਆ ਸੀ। ਨਾਕੇ 'ਤੇ ਇਕ ਮੋਟਰਸਾਈਕਲ ਸਵਾਰ ਖੰਨਾ ਵੱਲ ਆ ਰਿਹਾ ਸੀ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਇਸ ਨੌਜਵਾਨ ਨੇ ਮੋਟਰਸਾਈਕਲ ਦੀ ਸਪੀਡ ਵਧਾ ਦਿੱਤੀ। ਤੇਜ਼ ਰਫ਼ਤਾਰ ਹੋਣ ਕਾਰਨ ਉਹ ਮੋਟਰਸਾਈਕਲ ਤੋਂ ਕੰਟਰੋਲ ਗੁਆ ਬੈਠਾ ਅਤੇ ਸਿੱਧਾ ਥਾਣੇਦਾਰ ਦੇ ਉੱਪਰ ਮੋਟਰਸਾਇਕਲ ਚੜ੍ਹਾ ਦਿੱਤਾ। ਲਹੂ ਲੁਹਾਣ ਹੋਏ ਥਾਣੇਦਾਰ ਨੂੰ ਪੁਲਸ ਪਾਰਟੀ ਨੇ ਆਪਣੀ ਗੱਡੀ ਚ ਹਸਪਤਾਲ ਦਾਖਲ ਕਰਾਇਆ।
ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਆਕਾਸ਼ ਨੇ ਦੱਸਿਆ ਕਿ ਥਾਣੇਦਾਰ ਦਾ ਹੱਥ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਸਰਜਰੀ ਦੀ ਲੋੜ ਹੈ। ਬੀਪੀ ਨਾਰਮਲ ਨਹੀਂ ਹੋ ਰਿਹਾ ਸੀ। ਸਰੀਰ 'ਤੇ ਹੋਰ ਵੀ ਸੱਟਾਂ ਲੱਗੀਆਂ। ਇਸ ਲਈ ਓਹਨਾਂ ਵੱਲੋਂ ਲੋੜੀਂਦੀ ਫਸਟ ਏਡ ਦੇ ਕੇ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਲਤ ਠੀਕ ਹੈ। ਦੰਦਾਂ ਉਪਰ ਸੱਟਾਂ ਹਨ। ਪਰਿਵਾਰ ਵਾਲੇ ਉਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਏ ਹਨ।
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਐਸਐਸਪੀ ਅਮਨੀਤ ਕੌਂਡਲ ਨੇ ਤੁਰੰਤ ਜ਼ਖ਼ਮੀ ਥਾਣੇਦਾਰ ਦਾ ਹਾਲ ਚਾਲ ਜਾਣਿਆ। ਸਦਰ ਥਾਣੇ ਦੇ ਐਸਐਚਓ ਹਰਦੀਪ ਸਿੰਘ ਨੇ ਆਪਣੇ ਫੋਨ ਰਾਹੀਂ ਐਸਐਸਪੀ ਕੌਂਡਲ ਦੀ ਗੱਲ ਜਖ਼ਮੀ ਥਾਣੇਦਾਰ ਨਾਲ ਕਰਵਾਈ। ਐਸਐਸਪੀ ਨੇ ਥਾਣੇਦਾਰ ਹੌਸਲਾ ਦਿੱਤਾ ਅਤੇ ਨਾਲ ਹੀ ਐਸਐਚਓ ਨੂੰ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ।