ਬਾਂਦਰਾਂ ਦੀ ਬੌਧਿਕ ਸਮਰਥਾ: ਸ਼ਹਿਰੀ, ਪੇਂਡੂ, ਜੰਗਲੀ ਅਤੇ ਚਿੜੀਆ ਘਰ ਦੇ ਬਾਂਦਰਾਂ ਦਾ ਵਿਹਾਰ ਵੱਖਰਾ
ਪਟਿਆਲਾ, 21 ਸਤੰਬਰ 2023- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਸਥਾਪਿਤ ਜੀਵ ਅਤੇ ਵਾਤਾਵਰਣ ਸੋਸਾਇਟੀ ਵੱਲੋਂ ਪੰਜਾਬੀ ਮੂਲ ਦੇ ਉੱਘੇ ਵਿਗਿਆਨੀ ਪ੍ਰੋ. ਮੇਵਾ ਸਿੰਘ ਦਾ ਭਾਸ਼ਣ ਕਰਵਾਇਆ ਗਿਆ। ਪ੍ਰੋ. ਮੇਵਾ ਸਿੰਘ ਕਰਨਾਟਕਾ ਦੀ ਯੂਨੀਵਰਸਿਟੀ ਆਫ਼ ਮੈਸੂਰ ਵਿਖੇ ਕਾਰਜਸ਼ੀਲ ਹਨ। ਉਨ੍ਹਾਂ ਨੇ 1971 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਬੀ. ਏ. ਕੀਤੀ ਹੈ।
ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਏ ਭਾਸ਼ਣ ਪ੍ਰੋਗਰਾਮ ਦੌਰਾਨ ਉਨ੍ਹਾਂ ਬਾਂਦਰਾਂ ਦੇ ਵਿਵਹਾਰ ਸੰਬੰਧੀ ਆਪਣੀ ਖੋਜ ਦੇ ਅਧਾਰ ਉੱਤੇ ਵੱਖ-ਵੱਖ ਪੱਖਾਂ ਤੋਂ ਗੱਲਬਾਤ ਕੀਤੀ। ਜੰਗਲੀ ਖੇਤਰ ਵਿੱਚ ਰਹਿਣ ਵਾਲੀਆਂ ਬਾਂਦਰਾਂ ਦੀਆਂ ਨਸਲਾਂ ਅਤੇ ਮਨੁੱਖੀ ਵਸੋਂ ਦੇ ਨੇੜੇ ਰਹਿਣ ਵਾਲੀਆਂ ਨਸਲਾਂ ਦੇ ਵਿਵਹਾਰ ਵਿੱਚ ਆਪਸੀ ਵਖਰੇਵਿਆਂ, ਉਨ੍ਹਾਂ ਦੇ ਬੁੱਧੀ ਵਿਕਾਸ ਦੇ ਅੰਤਰਾਂ ਆਦਿ ਵਿਸ਼ਿਆਂ ਉੱਤੇ ਉਨ੍ਹਾਂ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨੀ ਹੋਣ ਦੇ ਨਾਤੇ ਸਾਡਾ ਫਰਜ਼ ਸਿਰਫ਼ ਖੋਜ ਕਰ ਕੇ ਉਸ ਨੂੰ ਚੰਗੇ ਖੋਜ ਰਸਾਲਿਆਂ ਵਿੱਚ ਪ੍ਰਕਾਸਿ਼ਤ ਕਰਵਾਉਣਾ ਹੀ ਨਹੀਂ ਬਲਕਿ ਸਾਨੂੰ ਅਜਿਹੀਆਂ ਖੋਜਾਂ ਦੀ ਉੱਥੋਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਖੋਜਾਂ ਦਾ ਸਦਉਪਯੋਗ ਹੋ ਸਕੇ। ਉਨ੍ਹਾਂ ਆਪਣੀ ਖੋਜ ਦੇ ਹਵਾਲੇ ਨਾਲ਼ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਾਂਦਰਾਂ ਦੇ ਵਿਹਾਰ ਸੰਬੰਧੀ ਖੋਜਾਂ ਨੂੰ ਦੱਖਣ ਭਾਰਤੀ ਸੂਬਿਆਂ ਦੇ ਜੰਗਲਾਤ ਵਿਭਾਗਾਂ ਅਤੇ ਹੋਰ ਮਹਿਕਮਿਆਂ ਤੱਕ ਪਹੁੰਚਾਇਆ। ਇਸ ਦੇ ਸਦਕਾ ਕੁੱਝ ਨੀਤੀਆਂ ਦਾ ਨਿਰਮਾਣ ਹੋ ਸਕਿਆ ਅਤੇ ਕੁੱਝ ਵਿਸ਼ੇਸ਼ ਜੰਗਲੀ ਖੇਤਰਾਂ ਨੂੰ ਕੁੱਝ ਵਿਸ਼ੇਸ਼ ਨਸਲਾਂ ਲਈ ਰਾਖਵੀਂਆਂ ਰੱਖਣ ਦੇ ਐਲਾਨ ਸੰਭਵ ਹੋ ਸਕੇ।
ਇਸ ਭਾਸ਼ਣ ਪ੍ਰੋਗਰਾਮ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸਿੰਡੀਕੇਟ ਰੂਮ ਵਿਖੇ ਰੱਖੇ ਇੱਕ ਸਮਾਗਮ ਦੌਰਾਨ ਉਹਨਾਂ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ ਵੀ ਕੀਤਾ। ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਪ੍ਰੋ. ਹਿਮੇਂਦਰ ਭਾਰਤੀ ਨੇ ਪ੍ਰੋ. ਮੇਵਾ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਨਵਰਾਂ ਦੇ ਵਿਵਹਾਰ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋ. ਮੇਵਾ ਸਿੰਘ ਨੇ ਆਰੰਭ ਵਿੱਚ ਸ਼ਿਵਾਲਿਕ ਖੇਤਰ ਵਿਚਲੇ ਬਾਂਦਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ ਜਿਸ ਨੂੰ ਜਾਰੀ ਰਖਦਿਆਂ ਉਨ੍ਹਾਂ ਸ਼ਿਵਾਲਿਕ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵਿਚਲੇ ਬਾਂਦਰਾਂ ਬਾਰੇ ਵਿਗਿਆਨਕ ਖੋਜਾਂ ਕੀਤੀਆਂ। ਮੌਜੂਦਾ ਸਮੇਂ ਅੰਡੇਮਾਨ ਨਿਕੋਬਾਰ ਦੇ ਦੋ ਟਾਪੂਆਂ ਉੱਤੇ ਉਨ੍ਹਾਂ ਦੀ ਅਗਵਾਈ ਵਿੱਚ ਦੋ ਖੋਜਾਰਥੀ ਵੀ ਬਾਂਦਰਾਂ ਉੱਤੇ ਖੋਜ ਕਰ ਰਹੀਆਂ ਹਨ।
ਉਨ੍ਹਾਂ ਦੀ ਖੋਜ ਰਾਹੀਂ ਜੁਟਾਏ ਗਏ ਅੰਕੜੇ ਵੱਖ-ਵੱਖ ਪੱਖਾਂ ਤੋਂ ਸਹਾਈ ਸਾਬਿਤ ਹੋਏ ਹਨ। ਜਿੱਥੇ ਇਹ ਮੈਡੀਕਲ ਖੇਤਰ ਲਈ ਸਹਾਈ ਸਿੱਧ ਹੁੰਦੇ ਹਨ ਉੱਥੇ ਹੀ ਚੌਗਿਰਦੇ ਦੀ ਸੰਤੁਲਨ ਪ੍ਰਣਾਲ਼ੀ ਅਤੇ ਬਾਂਦਰਾਂ ਦੇ ਵਿਵਹਾਰ ਨੂੰ ਸਮਝਣ ਵਿੱਚ ਵੀ ਲਾਭਦਾਇਕ ਹਨ। ਬਾਂਦਰਾਂ ਦੀਆਂ ਕੁੱਝ ਅਲੋਪ ਹੋ ਰਹੀਆਂ ਨਸਲਾਂ ਦੇ ਹਵਾਲੇ ਨਾਲ਼ ਕੀਤਾ ਗਿਆ ਉਨ੍ਹਾਂ ਦਾ ਅਧਿਐਨ ਸੰਬੰਧਤ ਨਸਲਾਂ ਦੇ ਵੇਲ-ਵਾਧੇ ਅਤੇ ਵਿਗਾਸ ਨੂੰ ਕੇਂਦਰ ਵਿੱਚ ਰੱਖ ਕੇ ਇਸ ਖੇਤਰ ਦੀਆਂ ਬਹੁਤ ਸਾਰੀਆਂ ਪਰਤਾਂ ਉਜਾਗਰ ਕਰਦਾ ਹੈ।
ਹਾਲ ਹੀ ਵਿੱਚ ਪ੍ਰੋ. ਮੇਵਾ ਸਿੰਘ ਦੀ ਇੰਟਰਨੈਸ਼ਨਲ ਪਰਾਈਮੈਟੌਲੋਜੀਕਲ ਸੋਸਾਇਟੀ ਦੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਲਈ ਚੋਣ ਹੋਈ ਸੀ। ਇਸ ਐਵਾਰਡ ਲਈ ਚੁਣੇ ਜਾਣ ਵਾਲੀ ਉਹ ਏਸ਼ੀਆ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਸ਼ਖ਼ਸੀਅਤ ਹਨ। ਇਹ ਐਵਾਰਡ ਹੁਣ ਤੱਕ ਸੰਸਾਰ ਭਰ ਦੀਆਂ ਸਿਰਫ਼ 10 ਸ਼ਖ਼ਸੀਅਤਾਂ ਨੂੰ ਹੀ ਪ੍ਰਾਪਤ ਹੋਇਆ ਹੈ।